ਲਖਨਊ: ਓਲੰਪਿਕ ਤਗਮਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ (53 ਕਿਲੋ) ਨੇ ਅੱਜ ਰਾਸ਼ਟਰਮੰਡਲ ਖੇਡਾਂ ਲਈ ਭਾਰਤੀ ਟੀਮ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਇਹ ਖੇਡਾਂ 28 ਜੁਲਾਈ ਨੂੰ ਬਰਮਿੰਘਮ ਵਿੱਚ ਸ਼ੁਰੂ ਹੋਣਗੀਆਂ। ਸਾਕਸ਼ੀ ਨੇ ਪਹਿਲਾਂ ਸੋਨਮ ਨੂੰ 8-1 ਨਾਲ ਹਰਾਇਆ ਅਤੇ ਮਗਰੋਂ ਫਾਈਨਲ ਵਿੱਚ ਮਨੀਸ਼ਾ ਨੂੰ 7-1 ਨਾਲ ਮਾਤ ਦਿੱਤੀ। ਇਸ ਤੋਂ ਪਹਿਲਾਂ ਮਨੀਸ਼ਾ ਨੇ ਸੈਮੀਫਾਈਨਲ ਵਿੱਚ ਬਜਰੰਗ ਪੂਨੀਆ ਦੀ ਪਤਨੀ ਸੰਗੀਤਾ ਫੋਗਾਟ ਨੂੰ 7-5 ਨਾਲ ਹਰਾਇਆ ਸੀ। ਇਸੇ ਤਰ੍ਹਾਂ ਵਿਨੇਸ਼ ਫੋਗਾਟ ਨੇ 53 ਕਿਲੋ ਵਰਗ ਦੇ ਟਰਾਇਲਾਂ ਵਿੱਚ ਅੰਤਿਮ ਨੂੰ ਹਰਾਇਆ। ਟੋਕੀਓ ਓਲੰਪਿਕ ਤੋਂ ਬਾਅਦ ਵਿਨੇਸ਼ ਲਈ ਇਹ ਪਹਿਲਾ ਵੱਡਾ ਟੂਰਨਾਮੈਂਟ ਹੋਵੇਗਾ। ਓਲੰਪਿਕ ਤੋਂ ਬਾਅਦ ਡਬਲਿਊਐੱਫਆਈ ਨੇ ਅਨੁਸ਼ਾਸਨਹੀਨਤਾ ਦੇ ਦੋਸ਼ ਹੇਠ ਉਸ ਨੂੰ ਮੁਅੱਤਲ ਕਰ ਦਿੱਤਾ ਸੀ। ਅੰਸ਼ੂ ਮਲਿਕ (57 ਕਿਲੋ) ਅਤੇ ਦਿਵਿਆ ਕਾਕਰਾਨ (68 ਕਿਲੋ) ਨੇ ਵੀ ਆਪਣੇ ਟਰਾਇਲਾਂ ਵਿੱਚ ਜਿੱਤ ਹਾਸਲ ਕੀਤੀ। ਵਿਸ਼ਵ ਚੈਂਪੀਅਨਸ਼ਿਪ ਦੇ ਦੋ ਤਗਮਾ ਜੇਤੂਆਂ ਵਿਚਾਲੇ ਫਾਈਨਲ ਵਿੱਚ ਅੰਸ਼ੂ ਨੇ ਸਰਿਤਾ ਨੂੰ 2-1 ਨਾਲ ਹਰਾਇਆ, ਜਦਕਿ ਦਿਵਿਆ ਨੇ ਨਿਸ਼ਾ ਦਹੀਆ ਖ਼ਿਲਾਫ਼ ਜਿੱਤ ਹਾਸਲ ਕੀਤੀ। ਪੂਜਾ ਗਹਿਲੋਤ (50 ਕਿਲੋ) ਅਤੇ ਪੂਜਾ ਸਿਹਾਗ (76 ਕਿਲੋ) ਨੇ ਵੀ ਭਾਰਤੀ ਟੀਮ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਹੈ। ਪੁਰਸ਼ਾਂ ਦੀ ਟੀਮ ਲਈ ਟਰਾਇਲ ਮੰਗਲਵਾਰ ਨੂੰ ਹੋਵੇਗਾ। -ਪੀਟੀਆਈ