ਨਵੀਂ ਦਿੱਲੀ: ਪੁਣੇ ਵਿੱਚ 23 ਮਈ ਤੋਂ ਹੋਣ ਵਾਲੇ ਮਹਿਲਾ ਟੀ-20 ਚੈਲੇਂਜ ਕ੍ਰਿਕਟ ਟੂਰਨਾਮੈਂਟ ਲਈ ਸਮ੍ਰਿਤੀ ਮੰਧਾਨਾ, ਹਰਮਨਪ੍ਰੀਤ ਕੌਰ ਅਤੇ ਦੀਪਤੀ ਸ਼ਰਮਾ ਨੂੰ ਅੱਜ ਤਿੰਨ ਟੀਮਾਂ ਦਾ ਕਪਤਾਨ ਬਣਾਇਆ ਗਿਆ ਹੈ। ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਨੇ ਹਰ ਟੀਮ ਵਿੱਚ 16 ਖਿਡਾਰਨਾਂ ਨੂੰ ਜਗ੍ਹਾ ਦਿੱਤੀ ਹੈ। ਹਰਮਨਪ੍ਰੀਤ ਨੂੰ ਸੁਪਰਨੋਵਾਜ਼, ਮੰਧਾਨਾ ਨੂੰ ਟ੍ਰੇਲਬਲੇਜ਼ਰਜ਼ ਅਤੇ ਦੀਪਤੀ ਨੂੰ ਵੇਲੌਸਿਟੀ ਦੀ ਕਮਾਨ ਸੌਂਪੀ ਗਈ ਹੈ। ਪਿਛਲਾ ਟੂਰਨਾਮੈਂਟ 2020 ਵਿੱਚ ਹੋਇਆ ਸੀ, ਜੋ ਟ੍ਰੇਲਬਲੇਜ਼ਰਜ਼ ਨੇ ਜਿੱਤਿਆ ਸੀ। ਸੀਨੀਅਰ ਖਿਡਾਰਨ ਮਿਤਾਲੀ ਰਾਜ, ਝੂਲਨ ਗੋਸਵਾਮੀ ਅਤੇ ਸ਼ਿਖਾ ਪਾਂਡੇ ਨੂੰ ਕਿਸੇ ਵੀ ਟੀਮ ਵਿੱਚ ਜਗ੍ਹਾ ਨਹੀਂ ਮਿਲੀ। ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮਿਤਾਲੀ ਅਤੇ ਝੂਲਨ ਨੂੰ ਆਰਾਮ ਦਿੱਤਾ ਗਿਆ ਹੈ। ਇਸ ਪ੍ਰਦਰਸ਼ਨੀ ਟੂਰਨਾਮੈਂਟ ਵਿੱਚ 12 ਵਿਦੇਸ਼ੀ ਖਿਡਾਰਨਾਂ ਵੀ ਹਿੱਸਾ ਲੈਣਗੀਆਂ, ਜਿਸ ਵਿੱਚ ਦੱਖਣੀ ਅਫਰੀਕਾ ਦੀ ਸਲਾਮੀ ਬੱਲੇਬਾਜ਼ ਲਾਰਾ ਵੋਲਵਾਰਟ ਅਤੇ ਦੁਨੀਆਂ ਦੀ ਸਿਖਰਲੀ ਗੇਂਦਬਾਜ਼ ਸੋਫੀ ਏਕਲੇਸਟੋਨ ਵੀ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਇਹ ਮਹਿਲਾ ਚੈਲੇਂਜ ਦਾ ਆਖਰੀ ਟੂਰਨਾਮੈਂਟ ਹੋ ਸਕਦਾ ਹੈ ਕਿਉਂਕਿ ਬੀਸੀਸੀਆਈ ਅਗਲੇ ਸਾਲ ਤੋਂ ਮਹਿਲਾ ਆਈਪੀਐੱਲ ਕਰਵਾਉਣ ਦੀ ਯੋਜਨਾ ਬਣਾ ਰਿਹਾ ਹੈ। -ਪੀਟੀਆਈ