ਨਵੀਂ ਦਿੱਲੀ: ਅਦਾਕਾਰ ਸੋਨੂੰ ਸੂਦ ਨੇ ਆਪਣੇ ਸ਼ੋਅ ‘ਰੋਡੀਜ਼’ ਬਾਰੇ ਗੱਲ ਕਰਦਿਆਂ ਕਿਹਾ ਕਿ ਉਸ ਲਈ ‘ਐੱਮਟੀਵੀ ‘ਰੋਡੀਜ਼ ਜਰਨੀ ਟੂ ਸਾਊਥ ਅਫਰੀਕਾ’ ਵਿੱਚ ਰਣਵਿਜੈ ਸਿੰਘ ਦੀ ਥਾਂ ਮੇਜ਼ਬਾਨੀ ਕਰਨਾ ਕੋਈ ਸੁਖਾਲਾ ਕੰਮ ਨਹੀਂ ਸੀ। ਅਦਾਕਾਰ ਮੁਤਾਬਕ ਉਸ ਨੂੰ ਪਹਿਲੇ ਪਹਿਲ ਸ਼ੋਅ ਦੇ ਪ੍ਰਤੀਯੋਗੀਆਂ ਨਾਲ ਤਾਲਮੇਲ ਬਿਠਾਉਣ ਤੇ ਸਾਂਝ ਕਾਇਮ ਕਰਨ ਵਿੱਚ ਦਿੱਕਤਾਂ ਆਈਆਂ, ਪਰ ਬਾਅਦ ਵਿੱਚ ਸਭ ਕੁਝ ਠੀਕ ਹੋ ਗਿਆ। ਸੋਨੂੰ ਨੇ ਕਿਹਾ, ‘ਜਦੋਂ ਇਸ ਸ਼ੋਅ ਲਈ ਮੇਰੇ ਨਾਲ ਗੱਲ ਕੀਤੀ ਗਈ ਸੀ ਤਾਂ ਮੇਰੇ ਦਿਮਾਗ ਵਿੱਚ ਕਈ ਸਵਾਲ ਸਨ। ਕੀ ਮੈਂ ਇਸ ਸ਼ੋਅ ਦੀ ਪਰੰਪਰਾ ਨੂੰ ਅੱਗੇ ਲਿਜਾ ਸਕਾਂਗਾ ਜਾਂ ਕੀ ਮੈਂ ਸ਼ੋਅ ਦੇ ਪ੍ਰਤੀਯੋਗੀਆਂ ਨਾਲ ਗੱਲਬਾਤ ਕਰ ਸਕਾਂਗਾ। ਮੈਨੂੰ ਲਗਦਾ ਸੀ ਕਿ ਇਹ ਕੰਮ ਮੇਰੇ ਵੱਸ ਦਾ ਨਹੀਂ। ਇਕ ਮੇਜ਼ਬਾਨ ਹੋਣ ਨਾਤੇ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਇਸ ਸ਼ੋਅ ਦੀ ਰੂਹ ਨੂੰ ਬਰਕਰਾਰ ਰੱਖਾਂ ਤੇ ਇਸ ਸਫ਼ਰ ਨੂੰ ਇੱਕ ਸਕਾਰਾਤਮਕ ਯਾਦ ਬਣਾ ਸਕਾਂ।’ ਅਦਾਕਾਰ ਨੇ ਦੱਸਿਆ ਕਿ, ‘ਸਾਊਥ ਅਫਰੀਕਾ ਵਿੱਚ 40-45 ਦਿਨ ਸ਼ੂਟਿੰਗ ਕਰਨ ਤੋਂ ਬਾਅਦ ਮੇਰਾ ਸ਼ੋਅ ਦੇ ਪੁਰਾਣੇ ਤੇ ਨਵੇਂ ਰੋਡੀਜ਼ ਨਾਲ ਜੋ ਤਾਲਮੇਲ ਬਣਿਆ ਉਹ ਇੰਜ ਸੀ ਜਿਵੇਂ ਅਸੀਂ ਇੱਕ ਹੀ ਪਰਿਵਾਰ ਦੇ ਜੀਅ ਹੋਈਏ।’ ਸੋਨੂੰ ਨੇ ਕਿਹਾ ਕਿ ਉਹ ਇਸ ਸ਼ੋਅ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹੈ। -ਆਈਏਐੱਨਐੱਸ