ਵਾਸ਼ਿੰਗਟਨ, 18 ਮਈ
ਨਵੇਂ ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਵਿਸ਼ਵ ਪੱਧਰ ‘ਤੇ ਹਰ ਸਾਲ 90 ਲੱਖ ਮੌਤਾਂ ਲਈ ਹਰ ਕਿਸਮ ਦਾ ਪ੍ਰਦੂਸ਼ਣ ਜ਼ਿੰਮੇਵਾਰ ਹੈ ਅਤੇ ਵਾਹਨਾਂ ਅਤੇ ਉਦਯੋਗਾਂ ਤੋਂ ਨਿਕਲਣ ਵਾਲੇ ਧੂੰਏਂ ਕਾਰਨ ਹੋਣ ਵਾਲੇ ਹਵਾ ਪ੍ਰਦੂਸ਼ਣ ਕਾਰਨ ਸਾਲ 2000 ਤੋਂ ਬਾਅਦ ਮੌਤਾਂ ਦੀ ਗਿਣਤੀ 55 ਫੀਸਦੀ ਵਧ ਗਈ ਹੈ। ‘ਦਿ ਲੈਂਸੇਟ ਪਲੈਨੇਟਰੀ ਹੈਲਥ ਜਰਨਲ’ ‘ਚ ਪ੍ਰਕਾਸ਼ਿਤ ਨਵੇਂ ਅਧਿਐਨ ਮੁਤਾਬਕ 2019 ‘ਚ 142,883 ਪ੍ਰਦੂਸ਼ਣ ਨਾਲ ਹੋਣ ਵਾਲੀਆਂ ਮੌਤਾਂ ਦੇ ਨਾਲ ਅਮਰੀਕਾ ਵਿਸ਼ਵ ਵਿੱਚ ਸੱਤਵੇਂ ਸਥਾਨ ‘ਤੇ ਹੈ। ਛੇਵੇ ਨੰਬਰ ‘ਤੇ ਬੰਗਲਾਦੇਸ਼ ਅਤੇ ਅੱਠਵੇਂ ‘ਤੇ ਇਥੋਪੀਆ ਹਨ। ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਮੌਤਾਂ ਦੇ ਮਾਮਲੇ ਵਿੱਚ ਭਾਰਤ ਅਤੇ ਚੀਨ ਦੁਨੀਆ ਵਿੱਚ ਸਭ ਤੋਂ ਅੱਗੇ ਹਨ। ਭਾਰਤ ਵਿਚ ਹਰ ਸਾਲ 2.4 ਲੱਖ ਲੋਕ ਮਰਦੇ ਹਨ, ਜਦੋਂ ਕਿ ਚੀਨ ਵਿਚ 2.2 ਲੱਖ ਲੋਕ ਪ੍ਰਦੂਸ਼ਣ ਕਾਰਨ ਮਰਦੇ ਹਨ ਪਰ ਦੋਵਾਂ ਦੇਸ਼ਾਂ ਵਿਚ ਦੁਨੀਆ ਦੀ ਸਭ ਤੋਂ ਵੱਡੀ ਆਬਾਦੀ ਵੀ ਹੈ। ਜੇ ਪ੍ਰਤੀ ਆਬਾਦੀ ਮੌਤ ਦਰ ‘ਤੇ ਨਜ਼ਰ ਮਾਰੀਏ ਤਾਂ ਅਮਰੀਕਾ ਹੇਠਾਂ ਤੋਂ 31ਵੇਂ ਸਥਾਨ ‘ਤੇ ਆਉਂਦਾ ਹੈ। ਇੱਥੇ ਪ੍ਰਤੀ 100,000 ਆਬਾਦੀ ‘ਤੇ ਪ੍ਰਦੂਸ਼ਣ ਕਾਰਨ ਮਰਨ ਵਾਲਿਆਂ ਦੀ ਗਿਣਤੀ 43.6 ਹੈ। ਚਾਡ ਅਤੇ ਮੱਧ ਅਫਰੀਕੀ ਗਣਰਾਜ ਪ੍ਰਤੀ 100,000 ਆਬਾਦੀ ਪਿੱਛੇ 300 ਪ੍ਰਦੂਸ਼ਣ ਮੌਤਾਂ ਦੇ ਨਾਲ ਸਭ ਤੋਂ ਉਪਰ ਹਨ। ਇਨ੍ਹਾਂ ਵਿੱਚੋਂ ਅੱਧੀਆਂ ਤੋਂ ਵੱਧ ਮੌਤਾਂ ਦੂਸ਼ਿਤ ਪਾਣੀ ਕਾਰਨ ਹੁੰਦੀਆਂ ਹਨ। ਬਰੂਨੇਈ, ਕਤਰ ਅਤੇ ਆਈਸਲੈਂਡ ਵਿੱਚ ਪ੍ਰਦੂਸ਼ਣ ਕਾਰਨ ਸਭ ਤੋਂ ਘੱਟ ਮੌਤ ਦਰ 15 ਤੋਂ 23 ਤੱਕ ਹੈ। ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਮੌਤਾਂ ਦੀ ਵਿਸ਼ਵਵਿਆਪੀ ਔਸਤ ਪ੍ਰਤੀ 100,000 ਲੋਕਾਂ ਵਿੱਚ 117 ਹੈ।