ਬੈਂਕਾਕ: ਭਾਰਤ ਨੂੰ ਥੌਮਸ ਕੱਪ ਜਿਤਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਭਾਰਤੀ ਬੈਡਮਿੰਟਨ ਖਿਡਾਰੀ ਕਿਦਾਂਬੀ ਸ੍ਰੀਕਾਂਤ ਨੇ ਅੱਜ ਇੱਥੇ ਥਾਈਲੈਂਡ ਓਪਨ ਦੇ ਸਿੰਗਲਜ਼ ਵਰਗ ਦੇ ਦੂਜੇ ਗੇੜ ਵਿੱਚ ਥਾਂ ਬਣਾ ਲਈ ਹੈ ਜਦਕਿ ਓਲੰਪਿਕ ਤਗਮਾ ਜੇਤੂ ਸਾਇਨਾ ਨੇਹਵਾਲ ਪਹਿਲੇ ਗੇੜ ਵਿੱਚ ਹੀ ਹਾਰ ਗਈ। ਇਸ ਬੀਡਬਲਯੂ ਸੁਪਰ 500 ਟੂਰਨਾਮੈਂਟ ਵਿੱਚ ਅੱਠਵਾਂ ਦਰਜਾ ਪ੍ਰਾਪਤ ਸ੍ਰੀਕਾਂਤ ਨੇ ਪਹਿਲੇ ਗੇੜ ਦੇ ਮੁਕਾਬਲੇ ਵਿੱਚ ਫਰਾਂਸ ਦੇ ਬ੍ਰਾਈਸ ਲੇਵਰਡੇਜ਼ ਨੂੰ 49 ਮਿੰਟਾਂ ‘ਚ 18-21 21-10 21-16 ਨਾਲ ਹਰਾਇਆ। ਸਾਇਨਾ ਨੂੰ ਮਹਿਲਾ ਸਿੰਗਲਜ਼ ਦੇ ਪਹਿਲੇ ਗੇੜ ‘ਚ ਕੋਰੀਆ ਦੀ ਕਿਮ ਗਾ ਯੂਨ ਤੋਂ 21-11, 15-21, 17-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸੇ ਤਰ੍ਹਾਂ ਭਾਰਤੀ ਕੁਆਲੀਫਾਇਰ ਅਸ਼ਮਿਤਾ ਚਾਲਿਹਾ ਤੇ ਆਕਰਸ਼ੀ ਕਸ਼ਯਪ ਨੂੰ ਵੀ ਪਹਿਲੇ ਗੇੜ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਮਾਲਵਿਕਾ ਬੰਸੋਡ ਨੇ ਯੂਕਰੇਨ ਦੀ ਮਾਰੀਆ ਉਲਟੀਨਾ ਨੂੰ ਹਰਾ ਕੇ ਦੂਜੇ ਗੇੜ ਵਿੱਚ ਜਗ੍ਹਾ ਬਣਾਈ। ਬੀ ਸੁਮਿਤ ਰੈੱਡੀ ਤੇ ਅਸ਼ਵਨੀ ਪੋਨੱਪਾ ਦੀ ਮਿਕਸਡ ਡਬਜ਼ਲ ਜੋੜੀ ਵੀ ਪਹਿਲੇ ਗੇੜ ‘ਚ ਹੀ ਬਾਹਰ ਹੋ ਗਈ। -ਪੀਟੀਆਈ