ਪਟਨਾ, 23 ਮਈ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਜਾਤੀ-ਆਧਾਰਿਤ ਜਨਗਣਨਾ ਮੁੱਦੇ ‘ਤੇ ਚਰਚਾ ਲਈ 27 ਮਈ ਨੂੰ ਸਰਬ-ਪਾਰਟੀ ਮੀਟਿੰਗ ਬੁਲਾਈ ਹੈ। ਨਿਤੀਸ਼ ਕੁਮਾਰ ਨੇ ਕਿਹਾ, ”ਅਸੀਂ ਸਾਰੀਆਂ ਪਾਰਟੀਆਂ ਨੂੰ 27 ਮਈ ਨੂੰ ਮੀਟਿੰਗ ਦੀ ਤਜ਼ਵੀਜ ਭੇਜੀ ਹੈ। ਹਾਲਾਂਕਿ, ਕੁਝ ਪਾਰਟੀਆਂ ਨੇ ਇਸ ਹਾਲੇ ਤੱਕ ਸਰਕਾਰ ਨੂੰ ਕੋਈ ਜਵਾਬ ਨਹੀਂ ਦਿੱਤਾ ਹੈ। ਅਸੀਂ ਉਨ੍ਹਾਂ ਦੇ ਜਵਾਬ ਦੀ ਉਡੀਕ ਕਰ ਰਹੇ ਹਾਂ।” ਇਸ ਤੋਂ ਪਹਿਲਾਂ ਜੀਤਨ ਰਾਮ ਮਾਂਝੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ 27 ਮਈ ਦੀ ਮੀਟਿੰਗ ਲਈ ਮੁੱਖ ਮੰਤਰੀ ਦਫ਼ਤਰ ਤੋਂ ਫੋਨ ਆਇਆ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਇਸ ਬਿਆਨ ਤੋਂ ਸਪੱਸ਼ਟ ਹੈ ਕਿ ਬਿਹਾਰ ਵਿੱਚ ਜਲਦੀ ਹੀ ਜਾਤੀ ਆਧਾਰਿਤ-ਜਨਗਣਨਾ ਹੋਣ ਦੀ ਸੰਭਾਵਨਾ ਹੈ ਅਤੇ ਇਸ ਦਾ ਖਰਚਾ ਬਿਹਾਰ ਸਰਕਾਰ ਸਹਿਣ ਕਰੇਗੀ। ਇੱਥੇ ਦੱਸਣਯੋਗ ਹੈ ਕਿ ਜਨਤਾ ਦਲ-ਯੂਨਾਈਟਿਡ, ਰਾਸ਼ਟਰੀ ਜਨਤਾ ਦਲ, ਕਾਂਗਰਸ ਤੇ ਏਆਈਐੱਮਆਈਐੱਮ ਜਾਤੀ ਆਧਾਰਿਤ ਜਨਗਣਨਾ ਦੇ ਪੱਖ ਵਿੱਚ ਹਨ। ਹਾਲਾਂਕਿ ਭਾਜਪਾ ਨੇ ਇਸ ‘ਤੇ ਇਤਰਾਜ ਜਤਾਇਆ ਹੈ। ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਸੱਦੀ ਸਰਬ-ਪਾਰਟੀ ਮੀਟਿੰਗ ਵਿੱਚ ਭਾਜਪਾ ਦੇ ਸ਼ਾਮਲ ਹੋਣ ਦੀ ਸੰਭਾਵਨਾ ਨਹੀਂ ਹੈ। -ਆਈਏਐੱਨਐੱਸ