ਖੇਤਰੀ ਪ੍ਰਤੀਨਿਧ
ਲੁਧਿਆਣਾ, 23 ਮਈ
ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ ਕਰਵਾਏ ਜਾ ਰਹੇ ਓਲੰਪੀਅਨ ਪ੍ਰਿਥੀਪਾਲ ਹਾਕੀ ਫੈਸਟੀਵਲ ਦੇ ਛੇਵੇਂ ਦਿਨ ਸੀਨੀਅਰ ਵਰਗ ਵਿੱਚ ਫਰੈਂਡਜ਼ ਕਲੱਬ ਰੂਮੀ ਅਤੇ ਸਬ ਜੂਨੀਅਰ ਵਰਗ ਵਿੱਚ ਜਰਖੜ ਹਾਕੀ ਅਕੈਡਮੀ ਨੇ ਸੈਮੀ ਫਾਈਨਲ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ। ਸਬ ਜੂਨੀਅਰ ਵਰਗ ਦਾ ਪਹਿਲਾ ਮੁਕਾਬਲਾ ਜਰਖੜ ਹਾਕੀ ਅਕੈਡਮੀ ਤੇ ਚਚਰਾੜੀ ਹਾਕੀ ਸੈਂਟਰ ਦੇ ਵਿਚਕਾਰ ਖੇਡਿਆ ਗਿਆ ਜੋ ਨਿਰਧਾਰਿਤ ਸਮੇਂ ਤੱਕ 4-4 ਗੋਲਾਂ ‘ਤੇ ਬਰਾਬਰ ਰਿਹਾ। ਪੈਨਲਟੀ ਸ਼ੂਟਆਊਟ ਸਡਨ ਡੈਥ ਮੁਕਾਬਲੇ ਵਿੱਚ ਜਰਖੜ ਅਕੈਡਮੀ 5-4 ਨਾਲ ਜੇਤੂ ਰਹੀ। ਜੇਤੂ ਟੀਮ ਵੱਲੋਂ ਗੁਰਜੋਤ ਸਿੰਘ ਨੇ 2, ਗੁਰਮਾਨਵਦੀਪ ਅਤੇ ਹੁਸਨ ਜਰਖੜ ਨੇ 1-1 ਗੋਲ ਕੀਤਾ। ਦੂਸਰੇ ਸਬ ਜੂਨੀਅਰ ਮੁਕਾਬਲੇ ਵਿੱਚ ਜਟਾਣਾ ਹਾਕੀ ਸੈਂਟਰ ਬਾਗੜੀਆਂ ਸੰਗਰੂਰ ਹਾਕੀ ਸੈਂਟਰ ਤੋਂ 5-4 ਗੋਲਾਂ ਨਾਲ ਜੇਤੂ ਰਿਹਾ। ਸੀਨੀਅਰ ਵਰਗ ਦੇ ਮੁਕਾਬਲੇ ਵਿੱਚ ਫਰੈਂਡਜ਼ ਕਲੱਬ ਰੂਮੀ ਨੇ ਰਾਮਪੁਰ ਹਾਕੀ ਕਲੱਬ ਨੂੰ 7-3 ਗੋਲਾਂ ਨਾਲ ਸੈਮੀ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ। ਇਸ ਤੋਂ ਇਲਾਵਾ ਜਟਾਣਾ ਹਾਕੀ ਕਲੱਬ ਨੇ ਰੋਪੜ ਇਲੈਵਨ ਨੂੰ ਕਰੜੇ ਮੁਕਾਬਲੇ ਵਿੱਚ 5-3 ਗੋਲਾਂ ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਪਾਇਆ। ਇਨ੍ਹਾਂ ਮੈਚਾਂ ਦੌਰਾਨ ਵਿਧਾਇਕ ਹਲਕਾ ਆਤਮ ਨਗਰ ਕੁਲਵੰਤ ਸਿੰਘ ਸਿੱਧੂ ਅਤੇ ਅਮਨਦੀਪ ਸਿੰਘ ਮੋਹੀ ਇੰਚਾਰਜ ਲੋਕ ਸਭਾ ਹਲਕਾ ਲੁਧਿਆਣਾ ਆਮ ਆਦਮੀ ਪਾਰਟੀ, ਖੇਡ ਪ੍ਰਮੋਟਰ ਜਸਪਾਲ ਸਿੰਘ ਮਨੀਲਾ ਨੇ ਮੁੱਖ ਮਹਿਮਾਨ ਵਜੋਂ ਵੱਖ ਵੱਖ ਟੀਮਾਂ ਦੇ ਨਾਲ ਜਾਣ-ਪਛਾਣ ਕੀਤੀ। ਇਸ ਮੌਕੇ ਵਿਧਾਇਕ ਸਿੱਧੂ, ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ ਅਤੇ ਮੋਹੀ ਦਾ ਸਨਮਾਨ ਕੀਤਾ ਗਿਆ ਜਦਕਿ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਓਲੰਪੀਅਨ ਪ੍ਰਿਥੀਪਾਲ ਹਾਕੀ ਫੈਸਟੀਵਲ ਦੇ ਕੁਆਰਟਰ ਫਾਈਨਲ ਮੁਕਾਬਲੇ 25 ਮਈ ਨੂੰ ਖੇਡੇ ਜਾਣਗੇ ਜਿਸ ਵਿੱਚ ਸੀਨੀਅਰ ਵਰਗ ਦਾ ਪਹਿਲਾ ਮੈਚ ਬੈਚ ਮੇਟ ਕਲੱਬ ਸਾਹਨੇਵਾਲ ਬਨਾਮ ਰਾਮਪੁਰ ਹਾਕੀ ਸੈਂਟਰ ਵਿਚਕਾਰ ਸ਼ਾਮ 7 ਵਜੇ ਜਦ ਕਿ ਦੂਸਰਾ ਮੁਕਾਬਲਾ ਕਿਲ੍ਹਾ ਰਾਏਪੁਰ ਬਨਾਮ ਜਟਾਣਾ ਕਲੱਬ ਵਿਚਕਾਰ ਰਾਤ 8 ਵਜੇ ਖੇਡਿਆ ਜਾਵੇਗਾ।