ਮੁੰਬਈ: ਫ਼ਿਲਮ ‘ਭੂਲ ਭੁਲੱਈਆ 2’ ਅਦਾਕਾਰ ਕਾਰਤਿਕ ਆਰੀਅਨ ਦੀ ਪਹਿਲੇ ਹਫ਼ਤੇ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ ਹੈ। ਫਿਲਮ ਨੇ ਪਹਿਲੇ ਹਫ਼ਤੇ ਵਿੱਚ 55.96 ਕਰੋੜ ਕਮਾਏ ਹਨ। ਵਪਾਰ ਵਿਸ਼ਲੇਸ਼ਕ ਤਰਨ ਆਦਰਸ਼ ਨੇ ਆਖਿਆ ਕਿ ਇਹ ਫਿਲਮ ਅਦਾਕਾਰ ਦੀਆਂ ਪਹਿਲੀਆਂ ਫਿਲਮਾਂ ‘ਪਤੀ ਪਤਨੀ ਔਰ ਵੋਹ’, ‘ਸੋਨੂ ਕੇ ਟੀਟੂ ਕੀ ਸਵੀਟੀ’ ਤੇ ‘ਲੁਕਾ ਛੁਪੀ’ ਨਾਲੋਂ ਬਿਹਤਰੀਨ ਸਾਬਤ ਹੋਈ ਹੈ। ਫ਼ਿਲਮ ਵਿੱਚ ਅਦਾਕਾਰਾ ਤੱਬੂ ਵੀ ਅਹਿਮ ਭੂਮਿਕਾ ਨਿਭਾਅ ਰਹੀ ਹੈ। ਇਹ ਫ਼ਿਲਮ ਰੁਹਾਨ ਨਾਂ ਦੇ ਠੱਗ ਦੀ ਕਹਾਣੀ ਹੈ, ਜਿਸ ਨੂੰ ਠਾਕੁਰ ਪੈਲੇਸ ਵਿੱਚ ਮੰਜੂਲਿਕਾ ਦੇ ਵਾਪਸ ਆ ਜਾਣ ਕਾਰਨ ਬੁਲਾਇਆ ਜਾਂਦਾ ਹੈ, ਪਰ ਉਹ ਹੋਰ ਸਮੱਸਿਆਵਾਂ ਖੜ੍ਹੀਆਂ ਕਰ ਦਿੰਦਾ ਹੈ। ਇਹ ਫ਼ਿਲਮ ਭੂਸ਼ਣ ਕੁਮਾਰ, ਮੁਰਾਦ ਖੇਤਾਨੀ, ਅੰਜੁਮ ਖੇਤਾਨੀ ਤੇ ਕ੍ਰਿਸ਼ਨਾ ਕੁਮਾਰ ਵੱਲੋਂ ਟੀ-ਸੀਰੀਜ਼ ਅਤੇ ਸਿਨੇ 1 ਸਟੂਡੀਓ ਦੇ ਬੈਨਰ ਹੇਠ ਬਣਾਈ ਗਈ ਹੈ। -ਆਈਏਐੱਨਐੱਸ