ਚੇਨੱਈ: ਭਾਰਤ ਦੇ ਯੁਵਾ ਗ੍ਰੈਂਡਮਾਸਟਰ ਆਰ. ਪ੍ਰਗਨਾਨੰਦਾ ਨੇ ਚੀਨ ਦੇ ਵੇਈ ਯੀ ਨੂੰ 2.5-1.5 ਨਾਲ ਹਰਾ ਕੇ ਮੈਲਟਵਾਟਰ ਚੈਂਪੀਅਨਜ਼ ਚੈੱਸ ਟੂਰ ਚੈੱਸੇਬਲ ਮਾਸਟਰਜ਼ 2022 ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਸੈਮੀਫਾਈਨਲ ਵਿੱਚ ਉਸ ਦਾ ਮੁਕਾਬਲਾ ਨੈਦਰਲੈਂਡਜ਼ ਦੇ ਅਨੀਸ਼ ਗਿਰੀ ਨਾਲ ਹੋਵੇਗਾ। ਇਸੇ ਤਰ੍ਹਾਂ ਦੁਨੀਆਂ ਦਾ ਅੱਵਲ ਦਰਜੇ ਦਾ ਖਿਡਾਰੀ ਮੈਗਨਸ ਕਾਰਲਸਨ ਦੂਜੇ ਸੈਮੀਫਾਈਨਲ ਵਿੱਚ ਚੀਨ ਦੇ ਡਿੰਗ ਲਿਰੇਨ ਨਾਲ ਖੇਡੇਗਾ। ਗਿਰੀ ਨੇ ਨਾਰਵੇ ਦੇ ਆਰਿਅਨ ਤੋਰੀ ਅਤੇ ਕਾਰਲਸਨ ਨੇ ਸਪੇਨ ਦੇ ਡੇਵਿਡ ਏਂਟੋਨ ਨੂੰ ਹਰਾਇਆ। ਇਸੇ ਤਰ੍ਹਾਂ ਲਿਰੇਨ ਨੇ ਅਜ਼ਰਬਾਇਜਾਨ ਦੇ ਸ਼ਖਰਿਆਰ ਮਾਮੇਦਿਆਰੋਵ ਨੂੰ ਮਾਤ ਦਿੱਤੀ। ਇਸ ਤੋਂ ਪਹਿਲਾਂ 16 ਸਾਲਾ ਪ੍ਰਗਨਾਨੰਦਾ ਨੇ ਛੇਵੇਂ ਗੇੜ ਵਿੱਚ ਕਾਰਲਸਨ ਨੂੰ ਹਰਾਇਆ ਸੀ। ਉਹ ਸ਼ੁਰੂਆਤੀ ਗੇੜ ਵਿੱਚ ਅਨੀਸ਼, ਕਾਰਲਸਨ ਅਤੇ ਲਿਰੇਨ ਤੋਂ ਬਾਅਦ ਚੌਥੇ ਸਥਾਨ ‘ਤੇ ਸੀ। ਭਾਰਤ ਦੇ ਪੀ. ਹਰੀਕ੍ਰਿਸ਼ਨਾ ਅਤੇ ਵਿਦਿਤ ਗੁਜਰਾਤੀ ਸਿਖਰਲੇ ਅੱਠ ਵਿੱਚ ਜਗ੍ਹਾ ਨਹੀਂ ਬਣਾ ਸਕੇ। -ਪੀਟੀਆਈ