ਜਕਾਰਤਾ: ਏਸ਼ੀਆ ਕੱਪ ਹਾਕੀ ਚੈਂਪੀਅਨਸ਼ਿਪ ਵਿੱਚ ਅੱਜ ਇੱਥੇ ਜਾਪਾਨ ਦੀ ਟੀਮ ਨੇ ਭਾਰਤ ਨੂੰ 5-2 ਨਾਲ ਹਰਾ ਦਿੱਤਾ। ਪਾਕਿਸਤਾਨ ਨਾਲ ਸ਼ੁਰੂਆਤੀ ਮੁਕਾਬਲਾ ਡਰਾਅ ਹੋਣ ਮਗਰੋਂ ਇਸ ਵੱਡੀ ਹਾਰ ਨਾਲ ਭਾਰਤੀ ਟੀਮ ਦਾ ਅਗਲਾ ਰਾਹ ਸੌਖਾ ਨਹੀਂ ਹੋਵੇਗਾ। ਭਾਰਤੀ ਟੀਮ ਜੇ ਅਗਲੇ ਮੁਕਾਬਲੇ ਵਿੱਚ ਇੰਡੋਨੇਸ਼ੀਆ ਨੂੰ ਹਰਾ ਵੀ ਦਿੰਦੀ ਹੈ ਤਾਂ ਉਸ ਲਈ ਨਾਕਆਊਟ ‘ਚ ਪਹੁੰਚਣਾ ਮੁਸ਼ਕਲ ਹੋਵੇਗਾ। ਜਾਪਾਨ ਲਈ ਕੇਨ ਨਾਗਯੋਸ਼ੀ, ਕੋਸੀ ਕਾਵਾਬੇ (ਦੋ ਗੋਲ), ਰਯੋਮੀ ਓਕਾ ਅਤੇ ਕੋਜੀ ਯਾਮਾਸਕੀ ਨੇ ਗੋਲ ਕੀਤੇ ਜਦਕਿ ਭਾਰਤ ਲਈ ਪਵਨ ਰਾਜਭਰ ਅਤੇ ਉੱਤਮ ਸਿੰਘ ਨੇ ਇੱਕ-ਇੱਕ ਗੋਲ ਕੀਤਾ। ਕੋਚ ਸਰਦਾਰ ਸਿੰਘ ਦੀ ਭਾਰਤੀ ਟੀਮ ਜਾਪਾਨ ਦੀ ਟੀਮ ਸਾਹਮਣੇ ਕਾਫੀ ਕਮਜ਼ੋਰ ਨਜ਼ਰ ਆਈ। ਕਪਤਾਨ ਬੀਰੇਂਦਰ ਲਾਕੜਾ ਨੇ ਮੁਕਾਬਲੇ ਮਗਰੋਂ ਕਿਹਾ, ”ਸਾਡੇ ਲਈ ਪਹਿਲੇ ਦੋ ਕੁਆਰਟਰ ਬਹੁਤ ਔਖੇ ਸਨ। ਅਸੀਂ ਇਸ ਵਿੱਚ ਲੈਅ ਹਾਸਲ ਨਹੀਂ ਕਰ ਸਕੇ। ਬਾਅਦ ਵਾਲੇ ਦੋਹਾਂ ਕੁਆਰਟਰਾਂ ‘ਚ ਬਿਹਤਰ ਪ੍ਰਦਰਸ਼ਨ ਕੀਤਾ ਪਰ ਜ਼ਿਆਦਾ ਮੌਕੇ ਨਹੀਂ ਬਣਾ ਸਕੇ।” -ਪੀਟੀਆਈ