ਮੁੰਬਈ: ਨਿਰਦੇਸ਼ਕ ਪ੍ਰਕਾਸ਼ ਝਾਅ ਨੇ ਅੱਜ ਇਥੇ ਆਪਣੀ ਵੈੱਬ ਸੀਰੀਜ਼ ‘ਆਸ਼ਰਮ 3’ ਦੀ ਪ੍ਰਮੋਸ਼ਨ ਦੌਰਾਨ ਆਖਿਆ ਕਿ ਪਿਛਲੇ ਸਾਲ ਸੀਰੀਜ਼ ਦੀ ਸ਼ੂਟਿੰਗ ਦੌਰਾਨ ਬਜਰੰਗ ਦਲ ਕੇ ਕਾਰਕੁਨਾਂ ਨੇ ਸੈੱਟ ‘ਤੇ ਜਿਹੜਾ ਹਮਲਾ ਕੀਤਾ ਸੀ ਉਹ ਮਹਿਜ਼ ‘ਇੱਕ ਘੰਟੇ ਦਾ ਸ਼ੋਅ’ ਸੀ, ਜਿਸ ਦੌਰਾਨ ਉਨ੍ਹਾਂ ਖੂਬ ਹੰਗਾਮਾ ਤੇ ਤੱਕ ਭੰਨ-ਤੋੜ ਕੀਤੀ ਸੀ ਪਰ ਉਹ ਉਸ ਨੂੰ ਆਪਣੇ ਨਿਸ਼ਾਨੇ ਤੋਂ ਭਟਕਾ ਨਹੀਂ ਸਕੇ। ਨਿਰਦੇਸ਼ਕ ਨੇ ਆਖਿਆ ਕਿ ਇਸ ਹਮਲੇ ਵਿੱਚ ਬੇਸ਼ੱਕ ਉਸ ਦਾ ਮਾਲੀ ਨੁਕਸਾਨ ਹੋਇਆ, ਪਰ ਸੀਰੀਜ਼ ਦੀ ਕਹਾਣੀ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਉਹ ਅੱਜ ਇਥੇ ਆਪਣੀ ਟੀਮ ਨਾਲ ਪਹੁੰਚੇ ਹੋਏ ਸਨ। ਝਾਅ ਨੇ ਦੱਸਿਆ ਕਿ ਬੀਤੇ ਸਾਲ ਅਕਤੂਬਰ ਮਹੀਨੇ ਵਿੱਚ ਬਜਰੰਗ ਦਲ ਦੇ ਕਾਰਕੁਨਾਂ ਨੇ ਸ਼ੋਅ ਦੇ ਭੋਪਾਲ ਸਥਿਤ ਸੈੱਟ ‘ਤੇ ਭੰਨ-ਤੋੜ ਕੀਤੀ ਤੇ ਉਸ ਉੱਤੇ ਸਿਆਹੀ ਵੀ ਸੁੱਟੀ ਸੀ। ਉਨ੍ਹਾਂ ਦਾ ਦੋਸ਼ ਸੀ ਕਿ ਇਸ ਸੀਰੀਜ਼ ਵਿੱਚ ਹਿੰਦੂਆਂ ਦਾ ਗ਼ਲਤ ਅਕਸ ਦਿਖਾਇਆ ਜਾ ਰਿਹਾ ਹੈ। ਇਸ ਸੀਰੀਜ਼ ਵਿੱਚ ਅਦਾਕਾਰ ਬੌਬੀ ਦਿਓਲ ਬਾਬਾ ਨਿਰਾਲਾ ਦੀ ਮੁੱਖ ਭੂਮਿਕਾ ਨਿਭਾਅ ਰਿਹਾ ਹੈ। ਝਾਅ ਨੇ ਹਮਲੇ ਵਾਲੇ ਦਿਨ ਨੂੰ ਯਾਦ ਕਰਦਿਆਂ ਕਿਹਾ ਕਿ ਉਸ ਦਿਨ ਹਮਲਾਵਰ ਆਏ ਤੇ ਭੰਨ੍ਹ-ਤੋੜ ਕਰਕੇ ਚਲੇ ਗਏ, ਜਿਸ ਮਗਰੋਂ ਸ਼ੋਅ ਦੇ ਅਮਲੇ ਨੇ ਰੋਜ਼ਾਨਾ ਵਾਂਗ ਉਸ ਦਿਨ ਦਾ ਕੰਮ ਨਿਪਟਾਇਆ। ਹਮਲੇ ‘ਤੇ ਵਿਅੰਗ ਕਰਦਿਆਂ ਉਸ ਨੇ ਕਿਹਾ ਕਿ ਇਹ ਇੱਕ ਘੰਟੇ ਦਾ ਸ਼ੋਅ ਸੀ, ਕੁਝ ਲੋਕ ਆਏ ਤੇ ਤਬਾਹੀ ਮਚਾ ਕੇ ਚਲੇ ਗਏ। ਉਸ ਨੇ ਕਿਹਾ, ‘ਅਜਿਹੀਆਂ ਘਟਨਾਵਾਂ ਸਾਡੇ ਸਮਾਜ ਵਿੱਚ ਅਣਕਿਆਸੀਆਂ ਨਹੀਂ ਹੁੰਦੀਆਂ ਹਨ ਕਿਉਂਕਿ ਇਥੇ ਹਰ ਤਰ੍ਹਾਂ ਦੇ ਲੋਕ ਵਸਦੇ ਹਨ। ਉਹ ਆਪਣੇ ਹਿਸਾਬ ਨਾਲ ਵਿਵਹਾਰ ਕਰਦੇ ਹਨ ਤੇ ਮੈਂ ਹਮੇਸ਼ਾਂ ਅਜਿਹੀਆਂ ਪ੍ਰਸਥਿਤੀਆਂ ਨੂੰ ਸੁਭਾਵਕ ਤੌਰ ‘ਤੇ ਲੈਂਦਾ ਹਾਂ।’ ਇਹ ਸੀਰੀਜ਼ 3 ਜੂਨ ਨੂੰ ਮੈਕਸ ਪਲੇਅਰ ‘ਤੇ ਰਿਲੀਜ਼ ਕੀਤੀ ਜਾਵੇਗੀ। -ਪੀਟੀਆਈ