ਮੁੰਬਈ: ਬੌਲੀਵੁੱਡ ਦੇ ਮੰਨੇ-ਪ੍ਰਮੰਨੇ ਅਦਾਕਾਰ ਅਜੈ ਦੇਵਗਨ ਨੇ ਸਿੱਧੂ ਮੂਸੇਵਾਲਾ ਦੀ ਮੌਤ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅਜੈ ਤੋਂ ਇਲਾਵਾ ਕਪਿਲ ਸ਼ਰਮਾ, ਰਿਚਾ ਚੱਢਾ ਤੇ ਸਵਰਾ ਭਾਸਕਰ ਵਰਗੀਆਂ ਹਸਤੀਆਂ ਨੇ ਵੀ ਪੰਜਾਬੀ ਗਾਇਕ ਦੀ ਮੌਤ ‘ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਸ ਘਟਨਾ ਨੇ ਉਨ੍ਹਾਂ ਨੂੰ ‘ਝੰਜੋੜ’ ਕੇ ਰੱਖ ਦਿੱਤਾ ਹੈ। ਦੇਵਗਨ ਨੇ ਟਵਿੱਟਰ ਉਤੇ ਲਿਖਿਆ ਕਿ ਮੂਸੇਵਾਲਾ ਦੀ ਮੌਤ ਬਾਰੇ ਸੁਣ ਕੇ ਉਨ੍ਹਾਂ ਨੂੰ ਝਟਕਾ ਲੱਗਾ ਹੈ। ਉਨ੍ਹਾਂ ਲਿਖਿਆ, ‘ਵਾਹਿਗੁਰੂ ਦੁੱਖ ਦੀ ਇਸ ਘੜੀ ਵਿਚ ਉਸ ਦੇ ਚਾਹੁਣ ਵਾਲਿਆਂ ਨੂੰ ਬਲ ਬਖ਼ਸ਼ੇ। ਵਿਛੜੀ ਰੂਹ ਦੀ ਆਤਮਾ ਨੂੰ ਸ਼ਾਂਤੀ ਮਿਲੇ। ਮੈਨੂੰ ਹਾਲੇ ਵੀ ਯਕੀਨ ਨਹੀਂ ਹੋ ਰਿਹਾ ਕਿ ਅਜਿਹਾ ਹੋ ਗਿਆ ਹੈ।’ ਰਿਚਾ ਚੱਢਾ ਨੇ ਲਿਖਿਆ ਕਿ ਉਹ ਇਸ ਬਾਰੇ ਸੁਣ ਕੇ ‘ਸੁੰਨ’ ਹੋ ਗਈ ਹੈ। ਰਿਚਾ ਨੇ ਲਿਖਿਆ ਕਿ ਉਹ ਸਿੱਧੂ ਦੀ ਮਾਂ ਬਾਰੇ ਸੋਚ ਕੇ ਬਹੁਤ ਉਦਾਸ ਹੈ, ਕਹਿਣ ਲਈ ਕੋਈ ਸ਼ਬਦ ਨਹੀਂ ਹੈ। ਕਾਮੇਡੀਅਨ ਕਪਿਲ ਸ਼ਰਮਾ ਨੇ ਲਿਖਿਆ ਕਿ ਸਿੱਧੂ ‘ਬਹੁਤ ਚੰਗਾ ਦੋਸਤ ਤੇ ਇਨਸਾਨ ਸੀ।’ ਸੰਗੀਤਕਾਰ ਵਿਸ਼ਾਲ ਡਡਲਾਨੀ, ਗਾਇਕ ਅਰਮਾਨ ਮਲਿਕ, ਅਭਿਨੇਤਰੀ ਹਿਮਾਂਸ਼ੀ ਖੁਰਾਨਾ ਨੇ ਵੀ ਦੁੱਖ ਦਾ ਇਜ਼ਹਾਰ ਕੀਤਾ। -ਪੀਟੀਆਈ