ਮੁੰਬਈ: ਅਦਾਕਾਰਾ ਰਿਚਾ ਚੱਢਾ ਇੰਟਰਨੈਸ਼ਨਲ ਮਿਊਜ਼ਿਕ ਫੈਸਟੀਵਲ ਦੇ ਪਹਿਲੇ ਐਡੀਸ਼ਨ ਵਿੱਚ ਸ਼ਾਮਲ ਹੋਣ ਲਈ ਪਿੱਛੇ ਜਿਹੇ ਲੱਦਾਖ ਗਈ ਹੋਈ ਸੀ ਤੇ ਉਹ ਇਸ ਫੈਸਟੀਵਲ ਦੇ ਸਮਾਪਤੀ ਸਮਾਗਮ ਦਾ ਵੀ ਹਿੱਸਾ ਬਣੇਗੀ। ਉਸ ਨੂੰ ਇੱਥੇ ਸਮੁੰਦਰੀ ਤਲ ਤੋਂ 12000 ਫੁੱਟ ਦੀ ਉਚਾਈ ‘ਤੇ ਤਾਇਨਾਤ ਫੌਜੀਆਂ ਨਾਲ ਸਮਾਂ ਬਿਤਾਉਣ ਦਾ ਮੌਕਾ ਵੀ ਮਿਲਿਆ। ਰਿਚਾ ਨੂੰ ਇਹ ਸਮਾਂ ਬਹੁਤ ਵਧੀਆ ਲੱਗਿਆ। ਉਸ ਨੇ ਕਿਹਾ ਕਿ ਲੱਦਾਖ ਵਿਚ ਫੌਜੀਆਂ ਨਾਲ ਬਿਤਾਏ ਸਮੇਂ ਨੂੰ ਉਹ ਸਾਰੀ ਉਮਰ ਯਾਦ ਰੱਖੇਗੀ। ਉਸ ਨੇ ਕਿਹਾ ਕਿ ਫੌਜੀਆਂ ਨਾਲ ਮੁਲਾਕਾਤ ਕਰ ਕੇ ਹਮੇਸ਼ਾ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ ਤੇ ਅਜਿਹਾ ਤਜਰਬਾ ਉਸ ਲਈ ਉਮਰ ਭਰ ਦੀ ਪ੍ਰਾਪਤੀ ਹੈ। ਉਸ ਨੇ ਕਿਹਾ ਕਿ ਸਰਹੱਦ ‘ਤੇ ਤਾਇਨਾਤ ਰਹਿਣ ਵਾਲੇ ਜਵਾਨਾਂ ਦੀ ਸਿਖਲਾਈ ਬਹੁਤ ਸਖਤ ਹੁੰਦੀ ਹੈ। ਇਹ ਜਵਾਨ ਸ਼ਹਿਰ ਵਿਚ ਸ਼ਾਂਤੀ ਪੂਰਨ ਤੇ ਆਰਾਮਦਾਇਕ ਜ਼ਿੰਦਗੀ ਜਿਊਣ ਦੀ ਥਾਂ ਸਰਹੱਦਾਂ ‘ਤੇ ਦੇਸ਼ ਦੀ ਰਾਖੀ ਕਰਦੇ ਹਨ। ਉਸ ਨੂੰ ਲੱਦਾਖ ਆ ਕੇ ਪਤਾ ਲੱਗਾ ਹੈ ਕਿ ਇਹ ਜਵਾਨ ਹੀ ਅਸਲ ਹੀਰੋ ਹਨ ਤੇ ਉਸ ਨੂੰ ਦੇਸ਼ ਦੇ ਨਾਇਕਾਂ ਨੂੰ ਮਿਲਣ ਦਾ ਮੌਕਾ ਮਿਲਿਆ ਹੈ। ਰਿਚਾ ਇਸ ਤੋਂ ਬਾਅਦ ਕਾਮੇਡੀ ਫਿਲਮ ‘ਫੁਕਰੇ’ ਦੀ ਤੀਜੀ ਕਿਸ਼ਤ ਵਿਚ ਭੋਲੀ ਪੰਜਾਬਣ, ਸ਼ੋਅ ‘ਦਿ ਗ੍ਰੇਟ ਇੰਡੀਅਨ ਮਰਡਰ’ ਅਤੇ ‘ਹੀਰਾ ਮੰਡੀ’ ਵਿੱਚ ਨਜ਼ਰ ਆਵੇਗੀ। -ਆਈਏਐੱਨਐੱਸ