ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ(ਮੁਹਾਲੀ), 1 ਜੂਨ
ਮੁਹਾਲੀ ਵਾਸੀ ਮਾਸਟਰਜ਼ ਐਥਲੀਟ ਅਤੇ ਸਿੱਖਿਆ ਵਿਭਾਗ ਵਿੱਚ ਲੈਕਚਰਾਰ ਕੁਲਵਿੰਦਰ ਕੌਰ ਨੇ ਪਿਛਲੇ ਦਿਨੀਂ ਜੈ ਪ੍ਰਕਾਸ਼ ਨਰਾਇਣ ਟ੍ਰੇਨਿੰਗ ਸਪੋਰਟਸ ਕੰਪਲੈਕਸ ਕਰਨਾਟਕ ਵਿੱਚ ਹੋਈਆਂ ਪਹਿਲੀ ਪੈਨ ਇੰਡੀਆ ਖੇਡਾਂ ਵਿੱਚ 3 ਸੋਨੇ ਅਤੇ ਇੱਕ ਚਾਂਦੀ ਦਾ ਤਗਮਾ ਜਿੱਤ ਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਕੁਲਵਿੰਦਰ ਕੌਰ ਨੇ 80 ਮੀਟਰ ਹਰਡਲ਼ਜ਼ ਵਿਚ ਸੋਨੇ ਦਾ ਤਗਮਾ, 100 ਮੀਟਰ ਦੌੜ ਵਿਚ ਸੋਨੇ ਦਾ ਤਗਮਾ, 400 ਮੀਟਰ ਮਿਕਸ ਰਿਲੇਅ ਵਿੱਚ ਸੋਨੇ ਦਾ ਤਗਮਾ ਤੇ 400 ਮੀਟਰ ਵਿੱਚ ਚਾਂਦੀ ਦਾ ਤਗਮਾ ਹਾਸਲ ਕੀਤਾ ਹੈ। ਕੁਲਵਿੰਦਰ ਕੌਰ ਦੀ 4 ਤੋਂ 12 ਨਵੰਬਰ ਤੱਕ ਇੰਟਰਨੈਸ਼ਨਲ ਪੱਧਰ ਉੱਤੇ ਆਸਟਰੇਲੀਆ ‘ਚ ਹੋਣ ਵਾਲੀਆਂ ਪੈਸੇਫਿਕ ਖੇਡਾਂ ਵਾਸਤੇ ਚੋਣ ਹੋ ਗਈ ਹੈ। ਸਿੱਖਿਆ ਵਿਭਾਗ ਦੇ ਅਧਿਕਾਰੀ ਸੁਨੀਲ ਕੁਮਾਰ, ਡਿਪਟੀ ਡਾਇਰੈਕਟਰ ਸਪੋਰਟਸ ਕੁਲਦੀਪ ਸਿੰਘ ਅਤੇ ਸਟਾਫ਼ ਤੇ ਖੇਡ ਪ੍ਰੇਮੀਆਂ ਨੇ ਕੁਲਵਿੰਦਰ ਕੌਰ ਨੂੰ ਵਧਾਈ ਦਿੱਤੀ।