ਨਵੀਂ ਦਿੱਲੀ: ਭਾਰਤੀ ਨਿਸ਼ਾਨੇਬਾਜ਼ ਸਵਪਨਿਲ ਕੁਸਾਲੇ ਨੇ ਅੱਜ ਅਜ਼ਰਬਾਇਜਾਨ ਦੇ ਬਾਕੂ ਵਿੱਚ ਚੱਲ ਰਹੇ ਆਈਐੱਸਐੱਸਐੱਫ ਵਿਸ਼ਵ ਕੱਪ ਵਿੱਚ ਪੁਰਸ਼ ਵਰਗ ਦੇ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨਜ਼ (3ਪੀ) ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਭਾਰਤ ਨੂੰ ਟੂਰਨਾਮੈਂਟ ਦਾ ਦੂਜਾ ਤਗਮਾ ਦਿਵਾਇਆ। 26 ਸਾਲਾ ਸਾਲਾ ਸਵਪਨਿਲ ਨੂੰ ਫਾਈਨਲ ਵਿੱਚ ਯੂਕਰੇਨ ਦੇ ਸੇਰਹੀ ਕੁਲਿਸ਼ ਨੇ 16-10 ਨਾਲ ਹਰਾਇਆ। ਇਹ ਸਵਪਨਿਲ ਦਾ ਆਈਐੱਸਐੱਸਐੱਫ ਵਿਸ਼ਵ ਕੱਪ ਪੱਧਰੀ ਪਹਿਲਾ ਵਿਅਕਤੀਗਤ ਤਗਮਾ ਹੈ। ਭਾਰਤ ਦੀ 12 ਮੈਂਬਰੀ ਰਾਈਫਲ ਟੀਮ ਇੱਕ ਸੋਨੇ ਅਤੇ ਇੱਕ ਚਾਂਦੀ ਦਾ ਤਗਮਾ ਜਿੱਤਣ ਮਗਰੋਂ ਨੌਵੇਂ ਤੋਂ ਪੰਜਵੇਂ ਸਥਾਨ ‘ਤੇ ਪਹੁੰਚ ਗਈ ਹੈ। ਸਵਪਨਿਲ ਨੇ ਵਿਸ਼ਵ ਪੱਧਰੀ ਨਿਸ਼ਾਨੇਬਾਜ਼ਾਂ ਵਿਚਾਲੇ ਦੋ ਦਿਨ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਹ ਪਹਿਲੇ ਗੇੜ ਵਿੱਚ ਕੁਲਿਸ਼ ਤੋਂ ਬਾਅਦ ਦੂਜੇ ਸਥਾਨ ‘ਤੇ ਰਿਹਾ ਅਤੇ ਮਗਰੋਂ ਸੋਨ ਤਗਮੇ ਦੇ ਮੁਕਾਬਲੇ ਵਿੱਚ ਯੂਕਰੇਨ ਦੇ ਇਸ ਨਿਸ਼ਾਨੇਬਾਜ਼ ਤੋਂ ਹਾਰ ਗਿਆ। ਕੁਲਿਸ਼ ਨੇ ਪਹਿਲੇ ਗੇੜ ਵਿੱਚ 411 ਅੰਕ ਬਣਾਏ ਜਦਕਿ ਸਵਪਨਿਲ 409.1 ‘ਤੇ ਰਹਿ ਗਿਆ। ਫਿਨਲੈਂਡ ਦਾ ਅਲੇਕਸੀ 407.8 ਅੰਕ ਬਣਾ ਕੇ ਤੀਜੇ ਸਥਾਨ ‘ਤੇ ਰਿਹਾ। ਫਾਈਨਲ ਵਿੱਚ ਵੀ ਸਵਪਨਿਲ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰ ਕੁਲਿਸ਼ ਤੋਂ ਹਾਰ ਗਿਆ। -ਪੀਟੀਆਈ