ਕੋਲਕਾਤਾ: ਭਾਰਤੀ ਫੁਟਬਾਲ ਟੀਮ ਦੇ ਮੁੱਖ ਕੋਚ ਇਗੋਰ ਸਟੀਮਕ ਨੇ ਕਿਹਾ ਕਿ ਸਾਡੇ ਹਮਲਾਵਰ ਖਿਡਾਰੀਆਂ ਨੂੰ ਸੁਨੀਲ ਛੇਤਰੀ ਤੋਂ ਬਿਨਾਂ ਖੇਡਣ ਦੀ ਆਦਤ ਪਾਉਣੀ ਪਵੇਗੀ। ਛੇਤਰੀ ਦੀ ਉਮਰ 37 ਸਾਲ ਹੈ ਤੇ ਉਹ ਆਪਣੇ ਕਰੀਅਰ ਦੇ ਆਖਰੀ ਪੜਾਅ ‘ਤੇ ਹੈ ਪਰ ਭਾਰਤ ਹਾਲੇ ਵੀ ਉਸ ‘ਤੇ ਨਿਰਭਰ ਹੈ। ਉਸ ਦੇ ਦੋ ਗੋਲਾਂ ਦੀ ਮਦਦ ਨਾਲ ਟੀਮ ਨੇ ਬੁੱਧਵਾਰ ਨੂੰ ਕੰਬੋਡੀਆ ਖ਼ਿਲਾਫ਼ ਜਿੱਤ ਦਰਜ ਕਰ ਕੇ ਏਸ਼ੀਅਨ ਕੱਪ ਕੁਆਲੀਫਾਇਰਜ਼ ਅਭਿਆਨ ਸ਼ੁਰੂ ਕੀਤਾ ਹੈ। ਸਟੀਮਕ ਨੇ ਕਿਹਾ ਕਿ ਹੁਣ ਉਹ ਸਮਾਂ ਹੈ ਜਦੋਂ ਉਦਾਂਤਾ ਸਿੰਘ, ਮਨਵੀਰ ਸਿੰਘ, ਆਸ਼ਿਕ ਤੇ ਸਾਹਲ ਅਬਦੁੱਲ ਸਮਦ ਤੇ ਲਿਸਟਨ ਕੋਲਾਸੋ ਨੂੰ ਗੋਲ ਕਰਨੇ ਹੋਣਗੇ। ਸਟੀਮਕ ਨੇ ਮੈਚ ਤੋਂ ਬਾਅਦ ਕਿਹਾ, ”ਸੁਨੀਲ ਦੀ ਤਰ੍ਹਾਂ ਹੋਰਾਂ ਨੇ ਗੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਗੋਲ ਕਰਨ ਦਾ ਕੋਈ ਹੋਰ ਤਰੀਕਾ ਨਹੀਂ ਲੱਭ ਸਕੇ। ਇਸ ਲਈ ਮੈਂ ਲਿਸਟਨ, ਮਨਵੀਰ, ਉਦਾਂਤਾ, ਆਸ਼ਿਕ ਤੇ ਸਾਹਲ ਤੋਂ ਗੋਲਾਂ ਦੀ ਉਮੀਦ ਕਰਦਾਂ ਹਾਂ। ਸਿੱਧੇ ਸ਼ਬਦਾਂ ਵਿੱਚ ਖਿਡਾਰੀਆਂ ਨੂੰ ਸੁਨੀਲ ਤੋਂ ਬਿਨਾਂ ਗੋਲ ਕਰਨ ਦੀ ਲੋੜ ਹੈ”। -ਪੀਟੀਆਈ