ਨਵੀਂ ਦਿੱਲੀ, 9 ਜੂਨ
ਆਈਪੀਐੱਲ ਵਿੱਚ ਆਪਣੀ ਫਾਰਮ ਬਰਕਰਾਰ ਰੱਖਣ ਵਾਲੇ ਦੱਖਣੀ ਅਫਰੀਕਾ ਦੇ ਖਿਡਾਰੀ ਡੇਵਿਡ ਮਿਲਰ ਅਤੇ ਰਾਸੀ ਵਾਨ ਡੇਰ ਡੁਸੇਨ ਵਿਚਾਲੇ ਚੌਥੇ ਵਿਕਟ ਦੀ ਸੈਂਕੜੇ ਵਾਲੀ ਸਾਂਝੇਦਾਰੀ ਸਦਕਾ ਦੱਖਣੀ ਅਫਰੀਕਾ ਨੇ ਪਹਿਲੇ ਟੀ-20 ਮੈਚ ਵਿੱਚ ਅੱਜ ਇਥੇ ਭਾਰਤ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਦੱਖਣੀ ਅਫਰੀਕਾ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਸੀ। ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਇਸ਼ਾਨ ਕਿਸ਼ਨ ਵੱਲੋਂ 48 ਗੇਂਦਾਂ ਵਿੱਚ ਬਣਾਈਆਂ 76 ਦੌੜਾਂ ਦੀ ਮਦਦ ਨਾਲ ਚਾਰ ਵਿਕਟਾਂ ਗੁਆ ਕੇ 211 ਦੌੜਾਂ ਬਣਾਈਆਂ। ਜਵਾਬ ਵਿੱਚ ਦੱਖਣੀ ਅਫਰੀਕਾ ਨੇ ਪੰਜ ਗੇਂਦਾਂ ਬਾਕੀ ਰਹਿੰਦਿਆਂ ਤਿੰਨ ਵਿਕਟਾ ਗੁਆ ਕੇ 212 ਦੌੜਾਂ ਬਣਾਈਆਂ ਤੇ ਮੈਚ ਜਿੱਤ ਲਿਆ। ਦੱਖਣੀ ਅਫਰੀਕਾ ਤਰਫੋਂ ਮਿਲਰ ਨੇ 64 ਦੌੜਾਂ ਬਣਾਈਆਂ ਤੇ ਨਾਬਾਦ ਰਹੇ ਅਤੇ ਵਾਨ ਡੇਰ ਡੁਸੇਨ ਨੇ 46 ਗੇਂਦਾਂ ‘ਚ 75 ਦੌੜਾਂ ਦਾ ਯੋਗਦਾਨ ਦਿੱਤਾ। -ਪੀਟੀਆਈ