ਇਸਲਾਮਾਬਾਦ/ਪੇਈਚਿੰਗ, 13 ਜੂਨ
ਚੀਨ ਅਤੇ ਪਾਕਿਸਤਾਨ ਨੇ ਚੁਣੌਤੀਪੂਰਨ ਸਮੇਂ ਦੌਰਾਨ ਰੱਖਿਆ ਤੇ ਅਤਿਵਾਦ ਵਿਰੋਧੀ ਸਹਿਯੋਗ ਵਧਾਉਣ ਦੀ ਹਾਮੀ ਭਰ ਦਿੱਤੀ ਹੈ। ਇਸੇ ਤਹਿਤ ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਵੱਲੋਂ ਚੀਨੀ ਫ਼ੌਜ ਦੀ ਲੀਡਰਸ਼ਿਪ ਨਾਲ ਵਿਆਪਕ ਪੱਧਰੀ ਗੱਲਬਾਤ ਕੀਤੀ ਗਈ ਤਾਂ ਜੋ ਉਨ੍ਹਾਂ ਦੀ ਹਮੇਸ਼ਾ ਚੱਲਣ ਵਾਲੀ ਰਣਨੀਤਕ ਭਾਈਵਾਲੀ ਨੂੰ ਅੱਗੇ ਹੋਰ ਮਜ਼ਬੂਤ ਕੀਤਾ ਜਾ ਸਕੇ।
ਪਾਕਿਸਤਾਨ ਦੇ ਚੋਟੀ ਦੇ ਰੱਖਿਆ ਅਧਿਕਾਰੀਆਂ ਨੂੰ ਨਾਲ ਲੈ ਕੇ ਜਨਰਲ ਬਾਜਵਾ ਨੇ ਪੂਰਬੀ ਚੀਨ ਦੇ ਸ਼ੈਂਡੌਂਗ ਪ੍ਰਾਂਤ ਦੀ ਰਾਜਧਾਨੀ ਕਿੰਗਦਾਓ ਵਿੱਚ ਕੇਂਦਰੀ ਮਿਲਟਰੀ ਕਮਿਸ਼ਨ ਦੇ ਵਾਈਸ ਚੇਅਰਮੈਨ ਜਨਰਲ ਜ਼ੈਂਗ ਯੂਕਸੀਆ ਦੀ ਅਗਵਾਈ ਵਾਲੀ ਚੀਨੀ ਟੀਮ ਨਾਲ ਗੱਲਬਾਤ ਕੀਤੀ।
ਪਾਕਿਸਤਾਨੀ ਫ਼ੌਜ ਵੱਲੋਂ ਜਾਰੀ ਇਕ ਬਿਆਨ ਅਨੁਸਾਰ ਪਾਕਿਸਤਾਨੀ ਫ਼ੌਜ ਦੀਆਂ ਤਿੰਨੋਂ ਸੇਵਾਵਾਂ ਦੇ ਵਫ਼ਦ ਵੱਲੋਂ 9 ਤੋਂ 12 ਜੂਨ ਤੱਕ ਚੀਨ ਦਾ ਦੌਰਾ ਕੀਤਾ ਗਿਆ ਜਿੱਥੇ ਪਾਕਿਸਤਾਨੀ ਵਫ਼ਦ ਵੱਲੋਂ ਚੀਨੀ ਫ਼ੌਜ ਅਤੇ ਹੋਰ ਸਰਕਾਰੀ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਵਿਆਪਕ ਪੱਧਰ ਦੀ ਗੱਲਬਾਤ ਕੀਤੀ ਗਈ।
ਸਭ ਤੋਂ ਅਹਿਮ ਮੀਟਿੰਗ ਐਤਵਾਰ ਨੂੰ ਹੋਈ ਜਿਸ ਵਿੱਚ ਪਾਕਿਸਤਾਨੀ ਧਿਰ ਦੀ ਅਗਵਾਈ ਜਨਰਲ ਬਾਜਵਾ ਨੇ ਕੀਤੀ ਜਦਕਿ ਚੀਨੀ ਧਿਰ ਦੀ ਅਗਵਾਈ ਜਨਰਲ ਜ਼ੈਂਗ ਨੇ ਕੀਤੀ। ਦੋਹਾਂ ਧਿਰਾਂ ਨੇ ਕੌਮਾਂਤਰੀ ਅਤੇ ਖੇਤਰੀ ਸੁਰੱਖਿਆ ਸਬੰਧੀ ਹਾਲਾਤ ‘ਤੇ ਆਪੋ-ਆਪਣਾ ਦ੍ਰਿਸ਼ਟੀਕੋਣ ਪੇਸ਼ ਕੀਤਾ ਅਤੇ ਦੋਹਾਂ ਦੇਸ਼ਾਂ ਵਿਚਾਲੇ ਰੱਖਿਆ ਸਹਿਯੋਗ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਪਾਕਿਸਤਾਨ ਤੇ ਚੀਨ ਨੇ ਚੁਣੌਤੀਪੂਰਨ ਸਮੇਂ ਵਿੱਚ ਉਨ੍ਹਾਂ ਦੀ ਰਣਨੀਤਕ ਭਾਈਵਾਲੀ ਪ੍ਰਤੀ ਵਚਨਬੱਧਤਾ ਦੁਹਰਾਈ। -ਪੀਟੀਆਈ