ਸਿੰਗਾਪੁਰ, 13 ਜੂਨ
ਇੱਥੇ ਨਰਸਿੰਗ ਹੋਮ ਵਿੱਚ ਕੰਮ ਕਰਦੀ ਭਾਰਤੀ ਮੂਲ ਦੀ ਮੁਲਾਜ਼ਮ ਨੂੰ ਅੱਜ ਚੋਰੀ ਅਤੇ ਇੱਕ ਬਜ਼ੁਰਗ ਨਾਲ ਧੋਖਾਧੜੀ ਕਰਨ ਦੇ ਦੋਸ਼ ਹੇਠ 4,000 ਸਿੰਗਾਪੁਰੀ ਡਾਲਰ ਜੁਰਮਾਨਾ ਕੀਤਾ ਗਿਆ ਹੈ। ਬਜ਼ੁਰਗ ਦੀ ਦੇਖਭਾਲ ਕਰਦੀ 59 ਸਾਲਾ ਲਤਾ ਨਾਰਾਇਨਨ ਨੇ 21 ਨਵੰਬਰ 2019 ਨੂੰ ਉਸ ਦਾ ਏਟੀਐੱਮ ਕਾਰਡ ਚੋਰੀ ਕਰ ਕੇ ਉਸ ‘ਚੋਂ 1,000 ਸਿੰਗਾਪੁਰੀ ਡਾਲਰ ਕਢਾ ਲਏ। ਇਸੇ ਤਰ੍ਹਾਂ ਉਹ ਕਾਰਡ ਜ਼ਰੀਏ ਵੱਖ-ਵੱਖ ਤਰ੍ਹਾਂ ਦਾ ਸਾਮਾਨ ਵੀ ਖਰੀਦਦੀ ਰਹੀ। ਇਸ ਬਾਰੇ ਉਸ ਵੇਲੇ ਪਤਾ ਲੱਗਾ ਜਦੋਂ 27 ਨਵੰਬਰ 2019 ਨੂੰ ਬਜ਼ੁਰਗ ਨੇ ਏਟੀਐੱਮ ਚੋਰੀ ਹੋਣ ਬਾਰੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਅਤੇ ਦੱਸਿਆ ਕਿ ਉਸ ਦੇ ਖਾਤੇ ‘ਚੋਂ ਕਿਸੇ ਨੇ ਪੈਸੇ ਕਢਵਾਏ ਹਨ। ਬਚਾਅ ਪੱਖ ਦੇ ਵਕੀਲ ਅਸ਼ਵਿਨ ਗਣਪਤੀ ਨੇ ਇਸ ਤੋਂ ਪਹਿਲਾਂ ਅਦਾਲਤ ਵਿੱਚ ਸੁਣਵਾਈ ਦੌਰਾਨ ਦੱਸਿਆ ਸੀ ਕਿ ਲਤਾ ਨਰਸਿੰਗ ਹੋਮ ਵਿੱਚ ਜਿਸ ਬਜ਼ੁਰਗ ਦੀ ਉਹ ਦੇਖਭਾਲ ਕਰਦੀ ਸੀ, ਉਸ ਨੇ ਲਤਾ ਨਾਲ ਦੁਰਵਿਹਾਰ ਕੀਤਾ ਸੀ। -ਪੀਟੀਆਈ