ਜੰਮੂ, 13 ਜੂਨ
ਇੱਥੇ ਕੌਮਾਂਤਰੀ ਸਰਹੱਦ ਦੇ ਨਾਲ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੇ ਜਵਾਨਾਂ ਤੇ ਹਥਿਆਰਬੰਦ ਘੁਸਪੈਠੀਆਂ ਵਿਚਾਲੇ ਗੋਲੀਬਾਰੀ ਹੋਈ। ਇਸ ਦੌਰਾਨ ਬੀਐੱਸਐੱਫ ਨੇ ਘੁਸਪੈਠੀਆਂ ਦੀ ਕੌਮਾਂਤਰੀ ਸਰਹੱਦ ਤੋਂ ਇਸ ਪਾਸੇ ਦਾਖ਼ਲ ਹੋਣ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਇਹ ਜਾਣਕਾਰੀ ਅੱਜ ਸਰਹੱਦਾਂ ਦੀ ਰਾਖੀ ਕਰਨ ਵਾਲੇ ਬਲ ਦੇ ਇਕ ਬੁਲਾਰੇ ਨੇ ਦਿੱਤੀ। ਬੁਲਾਰੇ ਨੇ ਦੱਸਿਆ ਕਿ ਇਹ ਘਟਨਾ ਲੰਘੀ ਰਾਤ ਅਰਨੀਆ ਖੇਤਰ ਵਿੱਚ ਵਾਪਰੀ। ਬੀਐੱਸਐੱਫ ਦੇ ਜਵਾਨਾਂ ਨੇ ਕੌਮਾਂਤਰੀ ਸਰਹੱਦ ਦੇ ਨਾਲ ਸ਼ੱਕੀ ਵਿਅਕਤੀਆਂ ਦੀ ਹਲਚਲ ਦੇਖੀ ਤਾਂ ਜਵਾਨਾਂ ਨੇ ਉਨ੍ਹਾਂ ਸ਼ੱਕੀ ਵਿਅਕਤੀਆਂ ਨੂੰ ਵੰਗਾਰਿਆ। ਇਸ ‘ਤੇ ਘੁਸਪੈਠੀਆਂ ਨੇ ਬੀਐੱਸਐੱਫ ਦੇ ਜਵਾਨਾਂ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਦਾ ਜਵਾਨਾਂ ਨੇ ਵੀ ਮੂੰਹਤੋੜ ਜਵਾਬ ਦਿੱਤਾ। ਸੁਰੱਖਿਆ ਬਲਾਂ ਵੱਲੋਂ ਗੋਲੀਆਂ ਚਲਾਏ ਜਾਣ ‘ਤੇ ਘੁਸਪੈਠ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਵਾਪਸ ਭੱਜ ਗਏ। -ਪੀਟੀਆਈ