ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 13 ਜੂਨ
ਮੁੱਖ ਅੰਸ਼
- ਰੁਪਿਆ 11 ਪੈਸੇ ਟੁੱਟ ਕੇ 78.04 ਦੇ ਪੱਧਰ ‘ਤੇ ਪੁੱਜਿਆ
- ਵਿਦੇਸ਼ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ‘ਤੇ ਪਏਗਾ ਵੱਧ ਫੀਸਾਂ ਦਾ ਬੋਝ
ਰੁਪਿਆ ਅੱਜ ਅਮਰੀਕੀ ਡਾਲਰ ਦੇ ਮੁਕਾਬਲੇ 11 ਪੈਸੇ ਦੇ ਨਿਘਾਰ ਨਾਲ ਰਿਕਾਰਡ 78.04 ਦੇ ਪੱਧਰ ‘ਤੇ ਪੁੱਜ ਗਿਆ। ਦਿਨ ਦੇ ਕਾਰੋਬਾਰ ਦੌਰਾਨ ਰੁਪਏ ਨੇ ਅੱਜ ਲਗਾਤਾਰ ਤਿੰਨ ਸੈਸ਼ਨਾਂ ਦੌਰਾਨ ਗਿਰਾਵਟ ਦਰਜ ਕੀਤੀ। ਘਰੇਲੂ ਸ਼ੇਅਰ ਬਾਜ਼ਾਰ ਦੇ ਕਮਜ਼ੋਰ ਹੋਣ ਅਤੇ ਵਿਦੇਸ਼ਾਂ ਵਿੱਚ ਡਾਲਰ ਦੇ ਮਜ਼ਬੂਤ ਹੋਣ ਕਰਕੇ ਨਿਵੇਸ਼ਕਾਂ ਨੇ ਹੱਥ ਪਿਛਾਂਹ ਖਿੱਚੇ, ਜੋ ਰੁਪੲੇ ਵਿੱਚ ਨਿਘਾਰ ਦਾ ਮੁੱਖ ਕਾਰਨ ਰਿਹਾ। ਰੁਪਿਆ ਡਿੱਗਣ ਨਾਲ ਜਿੱਥੇ ਵਿਦੇਸ਼ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਪਹਿਲਾਂ ਦੇ ਮੁਕਾਬਲੇ ਵਧ ਫੀਸਾਂ ਤਾਰਨ ਦੀ ਮੁਸ਼ਕਲ ਨਾਲ ਦੋ ਚਾਰ ਹੋਣਾ ਪੲੇਗਾ, ਉਥੇ ਦਰਾਮਦ ਹੋਣ ਵਾਲੀਆਂ ਵਸਤਾਂ ਲਈ ਵੱਧ ਵਿਦੇਸ਼ੀ ਕਰੰਸੀ ਦੀ ਅਦਾਇਗੀ ਦਾ ਬੋਝ ਵੀ ਕਿਸੇ ਨਾ ਕਿਸੇ ਰੂਪ ਵਿੱਚ ਆਮ ਲੋਕਾਂ ਨੂੰ ਝੱਲਣਾ ਪੈ ਸਕਦਾ ਹੈ। ਉਂਜ ਇਸ ਦੌਰਾਨ ਥੋੜ੍ਹੀ ਰਾਹਤ ਵਾਲੀ ਖ਼ਬਰ ਹੈ ਕਿ ਖੁਰਾਕੀ ਵਸਤਾਂ ਤੇ ਈਂਧਣ ਦੀਆਂ ਕੀਮਤਾਂ ਘਟਣ ਕਰਕੇ ਪ੍ਰਚੂਨ ਮਹਿੰਗਾਈ ਮਈ ਮਹੀਨੇ ਘੱਟ ਕੇ 7.04 ਫੀਸਦ ਰਹਿ ਗਈ ਹੈ। ਬੰਬੇ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 1,456.74 ਅੰਕਾਂ ਦੇ ਨਿਘਾਰ ਨਾਲ 52,846.70 ਦੇ ਅੰਕੜੇ ‘ਤੇ ਬੰਦ ਹੋਇਆ। ਸ਼ੇਅਰ ਬਾਜ਼ਾਰ 1456.74 ਅੰਕ ਡਿੱਗਣ ਨਾਲ ਨਿਵੇਸ਼ਕਾਂ ਦਾ 2.45 ਲੱਖ ਕਰੋੜ ਮਿੱਟੀ ਹੋ ਗਿਆ। ਸਮੀਖਿਅਕਾਂ ਦਾ ਮੰਨਣਾ ਹੈ ਕਿ ਇਸ ਨਿਘਾਰ ਦੀ ਮੁੱਖ ਵਜ੍ਹਾ ਕੱਚੇ ਤੇਲ ਦੀਆਂ ਕੀਮਤਾਂ ਦਾ ਡਿੱਗ ਕੇ 120 ਡਾਲਰ ਪ੍ਰਤੀ ਬੈਰਲ ਦੇ ਪੱਧਰ ਨੂੰ ਪੁੱਜਣਾ ਹੈ। ਕਾਰੋਬਾਰ ਦੌਰਾਨ ਬਜਾਜ ਫਿਨਸਰਵ, ਟੀਸੀਐੱਸ, ਐੱਨਟੀਪੀਸੀ, ਐੱਸਬੀਆਈ, ਟੈੱਕ ਮਹਿੰਦਰਾ ਤੇ ਇਨਫੋਸਿਸ ਦੇ ਸ਼ੇਅਰਾਂ ਨੂੰ ਮਾਰ ਪਈ।ਅੰਤਰ-ਬੈਂਕ ਵਿਦੇਸ਼ੀ ਮੁਦਰਾ ਤਬਾਦਲਾ ਬਾਜ਼ਾਰ ਵਿੱਚ ਡਾਲਰ ਦੇ ਮੁਕਾਬਲੇ ਰੁਪਿਆ ਅੱਜ 78.20 ‘ਤੇ ਖੁੱਲ੍ਹਿਆ। ਦਿਨ ਦੇ ਕਾਰੋਬਾਰ ਦੌਰਾਨ ਇਹ 78.02 ਦੇ ਸਿਖਰਲੇ ਪੱਧਰ ਤੇ 78.29 ਦੀ ਹੇਠਲੀ ਨਿਵਾਣ ਤੱਕ ਗਿਆ। ਕਾਰੋਬਾਰ ਦੇ ਅਖੀਰ ਵਿੱਚ ਰੁਪਿਆ 11 ਪੈਸੇ ਟੁੱਟ ਕੇ 78.04 ਪ੍ਰਤੀ ਡਾਲਰ ਦੇ ਪੱਧਰ ਨੂੰ ਪੁੱਜ ਗਿਆ, ਜੋ ਹੁਣ ਤੱਕ ਦਾ ਰਿਕਾਰਡ ਸਭ ਤੋਂ ਹੇਠਲਾ ਪੱਧਰ ਹੈ। ਇਸ ਤੋਂ ਪਹਿਲਾਂ ਡਾਲਰ ਦੇ ਮੁਕਾਬਲੇ ਰੁਪਿਆ 77.93 ਦੇ ਪੱਧਰ ‘ਤੇ ਬੰਦ ਹੋਇਆ ਸੀ। ਸ਼ੁੱਕਰਵਾਰ ਨੂੰ ਅਮਰੀਕਾ ਵਿਚ ਮਹਿੰਗਾਈ ਦਰ ਰਿਕਾਰਡ ਚਾਰ ਦਹਾਕਿਆਂ ਦੇ ਸਭ ਤੋਂ ਸਿਖਰਲੇ ਪੱਧਰ ‘ਤੇ ਪਹੁੰਚਣ ਦੇ ਨਾਲ ਫੈਡਰਲ ਰਿਜ਼ਰਵ ਦੇ ਅਗਲੇ ਦਿਨਾਂ (ਬੁੱਧਵਾਰ ਨੂੰ) ਵਿੱਚ ਵਿਆਜ ਦਰਾਂ ਵਧਾਉਣ ਦਾ ਖ਼ਦਸ਼ਾ ਹੈ।
ਪ੍ਰਚੂਨ ਮਹਿੰਗਾਈ ਨੂੰ ਸਾਹ ਆਇਆ, ਅਗਸਤ ‘ਚ ਵਿਆਜ ਦਰਾਂ ਵਧਣ ਦੀ ਸੰਭਾਵਨਾ
ਨਵੀਂ ਦਿੱਲੀ:
ਮੁੱਖ ਅੰਸ਼
- ਸੈਂਸੈਕਸ ਡਿੱਗਿਆ 1456.74 ਅੰਕ
- 52,846.70 ਦੇ ਅੰਕੜੇ ‘ਤੇ ਬੰਦ ਹੋਇਆ
- ਐੱਨਐੱਸਈ ਦਾ ਨਿਫਟੀ 427.40 ਨੁਕਤਿਆਂ ਦੇ ਨੁਕਸਾਨ ਨਾਲ 15774.40 ‘ਤੇ ਬੰਦ
- ਬਜਾਜ ਫਿਨਸਰਵ, ਬਜਾਜ ਫਾਇਨਾਂਸ ਤੇ ਇੰਡਸਇੰਡ ਬੈਂਕ ਨੂੰ ਸਭ ਤੋਂ ਵੱਧ ਮਾਰ ਪਈ
ਖੁਰਾਕੀ ਵਸਤਾਂ ਤੇ ਈਂਧਣ ਦੀਆਂ ਕੀਮਤਾਂ ਸਸਤੀਆਂ ਹੋਣ ਕਰਕੇ ਪ੍ਰਚੂਨ ਮਹਿੰਗਾਈ ਮਈ ਮਹੀਨੇ ਘੱਟ ਕੇ 7.04 ਫੀਸਦ ਰਹਿ ਗਈ ਹੈ। ਮਹਿੰਗਾਈ ਨੂੰ ਕਾਬੂ ਵਿੱਚ ਰੱਖਣ ਲਈ ਸਰਕਾਰ ਵੱਲੋਂ ਵੱਖ ਵੱਖ ਉਤਪਾਦਾਂ ‘ਤੇ ਟੈਕਸ ਵਿੱਚ ਕਟੌਤੀ ਤੇ ਭਾਰਤੀ ਰਿਜ਼ਰਵ ਬੈਂਕ ਵੱਲੋਂ ਨੀਤੀਗਤ ਦਰ ਰੈਪੋ ਵਿੱਚ ਵਾਧੇ ਜਿਹੇ ਕਈ ਉਪਰਾਲੇ ਕੀਤੇ ਗਏ ਹਨ। ਉਂਜ ਮਹਿੰਗਾਈ ਦਰ ਅਜੇ ਵੀ ਕੇਂਦਰੀ ਬੈਂਕ ਦੇ 6 ਫੀਸਦ ਦੇ ਤਸੱਲੀਬਖ਼ਸ਼ ਪੱਧਰ ਤੋਂ ਉਪਰ ਹੈ। ਲਿਹਾਜ਼ਾ ਆਰਬੀਆਈ ਅਗਸਤ ਵਿੱਚ ਹੋਣ ਵਾਲੀ ਆਪਣੀ ਸਮੀਖਿਆ ਮੀਟਿੰਗ ਦੌਰਾਨ ਨੀਤੀਗਤ ਵਿਆਜ ਦਰਾਂ ਵਿੱਚ ਇਕ ਵਾਰ ਫਿਰ ਇਜ਼ਾਫਾ ਕਰ ਸਕਦਾ ਹੈ। ਕੇਂਦਰੀ ਬੈਂਕ ਨੇ ਇਸ ਮਹੀਨੇ ਮੁਦਰਾ ਨੀਤੀ ਸਮੀਖਿਆ ਵਿੱਚ ਨੀਤੀਗਤ ਦਰ ਰੈਪੋ ਨੂੰ 0.5 ਫੀਸਦ ਵਧਾ ਕੇ 4.90 ਫੀਸਦ ਕਰ ਦਿੱਤਾ ਸੀ। ਅਪਰੈਲ ਵਿੱਚ ਖਪਤਕਾਰ ਕੀਮਤ ਸੂਚਕ ਅੰਕ ਸੀਪੀਆਈ ਮਹਿੰਗਾਈ 7.79 ਫੀਸਦ ਸੀ ਜਦੋਂਕਿ ਪਿਛਲੇ ਸਾਲ ਮਈ ਵਿੱਚ ਪ੍ਰਚੂਨ ਮਹਿੰਗਾਈ 6.3 ਫੀਸਦ ਸੀ। ਕੌਮੀ ਅੰਕੜਾ ਦਫ਼ਤਰ (ਐੱਨਐੱਸਓ) ਵੱਲੋਂ ਅੱਜ ਜਾਰੀ ਅੰਕੜਿਆਂ ਮੁਤਾਬਕ ਖੁਰਾਕੀ ਵਸਤਾਂ ਦੀ ਮਹਿੰਗਾਈ ਦਰ ਮਈ 2022 ਵਿੱਚ ਘੱਟ ਕੇ 7.97 ਫੀਸਦ ਰਹਿ ਗਈ, ਜੋ ਪਿਛਲੇ ਮਹੀਨੇ 8.31 ਫੀਸਦ ਸੀ। ਅਨਾਜ ਤੇ ਹੋਰਨਾਂ ਉਤਪਾਦਾਂ ਦੇ ਮਾਮਲੇ ਵਿੱਚ ਮਹਿੰਗਾਈ ਦਰ ਮਈ ਵਿੱਚ ਘੱਟ ਕੇ 5.33 ਫੀਸਦ ਰਹੀ, ਜੋ ਇਸ ਤੋਂ ਪਿਛਲੇ ਮਹੀਨੇ ਵਿੱਚ 5.96 ਫੀਸਦ ਸੀ। ਤੇਲ ਤੇ ਫੈਟ ਦੀ ਮਹਿੰਗਾਈ ਦਰ ਨਰਮ ਹੋ ਕੇ 13.26 ਫੀਸਦ ‘ਤੇ ਆ ਗਈ, ਜੋ ਅਪਰੈਲ ਮਹੀਨੇ 17.28 ਫੀਸਦ ਸੀ। ਫਲਾਂ ਦੀ ਮਹਿੰਗਾਈ ਦਰ 2.33 ਫੀਸਦ ਰਹੀ, ਜੋ ਇਕ ਮਹੀਨੇ ਪਹਿਲਾਂ 4.99 ਫੀਸਦ ਸੀ। ਹਾਲਾਂਕਿ ਸਬਜ਼ੀਆਂ ਦੀ ਮਹਿੰਗਾਈ ਦਰ ਵਧ ਕੇ 18.26 ਫੀਸਦ ‘ਤੇ ਪਹੁੰਚ ਗਈ। ਅਪਰੈਲ ‘ਚ ਅੰਕੜਾ 15.41 ਫੀਸਦ ਸੀ। ਹੋਰਨਾਂ ਖੁਰਾਕੀ ਵਸਤਾਂ ਵਿੱਚ ਅੰਡੇ ਤੇ ਦਾਲਾਂ ਦੀਆਂ ਕੀਮਤਾਂ ਵਿੱਚ ਕ੍ਰਮਵਾਰ 4.64 ਫੀਸਦ ਤੇ 0.42 ਫੀਸਦ ਦਾ ਨਿਘਾਰ ਵੇਖਣ ਨੂੰ ਮਿਲਿਆ। ‘ਈਂਧਣ ਤੇ ਪ੍ਰਕਾਸ਼’ ਸ਼੍ਰੇਣੀ ਵਿੱਚ ਮਹਿੰਗਾਈ ਦਰ ਅਪਰੈਲ ਦੇ 10.80 ਫੀਸਦ ਦੇ ਮੁਕਾਬਲੇ ਮਈ ਵਿੱਚ ਘਟ ਕੇ 9.54 ਫੀਸਦ ਰਹਿ ਗਈ।