ਕੋਲਕਾਤਾ: ਉਲਾਨਬਾਤਰ ਵਿੱਚ ਅੱਜ ਫਲਸਤੀਨ ਤੇ ਫਿਲਪੀਨਜ਼ ਵਿਚਾਲੇ ਖੇਡੇ ਗਏ ਗਰੁੱਪ ਬੀ ਦੇ ਮੁਕਾਬਲੇ ਵਿੱਚ ਫਲਸਤੀਨ ਦੀ ਜਿੱਤ ਨਾਲ ਭਾਰਤੀ ਪੁਰਸ਼ ਫੁਟਬਾਲ ਟੀਮ ਨੇ ਏਸ਼ਿਆਈ ਕੱਪ ਫਾਈਨਲਜ਼ ਲਈ ਕੁਆਲੀਫਾਈ ਕਰ ਲਿਆ ਹੈ। ਨਤੀਜੇ ਅਨੁਸਾਰ ਫਲਸਤੀਨ ਨੇ ਗਰੁੱਪ ਬੀ ਵਿੱਚ ਪਹਿਲੇ ਸਥਾਨ ‘ਤੇ ਰਹਿਣ ਕਰਕੇ ਸਿੱਧੇ ਕੁਆਲੀਫਾਈ ਕੀਤਾ ਜਦਕਿ ਚਾਰ ਅੰਕਾਂ ਨਾਲ ਦੂਜੇ ਸਥਾਨ ‘ਤੇ ਰਹਿਣ ਦੇ ਬਾਵਜੂਦ ਫਿਲਪੀਨਜ਼ ਬਾਹਰ ਹੋ ਗਿਆ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਭਾਰਤ ਨੇ ਲਗਾਤਾਰ ਦੂਜੀ ਵਾਰ ਏਸ਼ਿਆਈ ਕੱਪ ਲਈ ਕੁਆਲੀਫਾਈ ਕੀਤਾ ਹੈ। ਕੁਆਲੀਫਾਇੰਗ ਦੇ ਤੀਜੇ ਗੇੜ ਲਈ ਚਾਰ-ਚਾਰ ਟੀਮਾਂ ਦੇ ਛੇ ਗਰੁੱਪ ਬਣਾਏ ਗਏ ਸਨ। ਇਨ੍ਹਾਂ ਛੇ ਗਰੁੱਪਾਂ ‘ਚੋਂ ਪਹਿਲੇ ਸਥਾਨ ‘ਤੇ ਰਹਿਣ ਵਾਲੀਆਂ ਸਾਰੀਆਂ ਛੇ ਟੀਮਾਂ ਅਤੇ ਦੂਜੇ ਸਥਾਨ ‘ਤੇ ਰਹਿਣ ਵਾਲੀਆਂ ਪੰਜ ਟੀਮਾਂ ਟੀਮਾਂ ਏਸ਼ਿਆਈ ਕੱਪ ਲਈ ਕੁਆਲੀਫਾਈ ਕਰਨਗੀਆਂ। ਗਰੁੱਪ ਡੀ ਵਿੱਚ ਭਾਰਤ ਦੇ ਛੇ ਅੰਕ ਹਨ ਅਤੇ ਉਹ ਇੱਕ ਗੋਲ ਦੇ ਫਰਕ ਨਾਲ ਹਾਂਗਕਾਂਗ ਤੋਂ ਪਿੱਛੇ ਦੂਜੇ ਸਥਾਨ ‘ਤੇ ਹੈ। ਭਾਰਤ ਨੇ ਹਾਂਗਕਾਂਗ ਖ਼ਿਲਾਫ਼ ਆਪਣੇ ਆਖਰੀ ਗਰੁੱਪ ਮੁਕਾਬਲੇ ਤੋਂ ਪਹਿਲਾਂ ਹੀ ਕੁਆਲੀਫਾਈ ਕਰ ਲਿਆ ਹੈ। ਜੇ ਭਾਰਤ ਹਾਂਗਕਾਂਗ ਤੋਂ ਹਾਰ ਵੀ ਜਾਂਦਾ ਹੈ ਤਾਂ ਵੀ ਭਾਰਤ ਦੇ ਗਰੁੱਪ-ਬੀ ਦੇ ਦੂਜੇ ਸਥਾਨ ਦੀ ਟੀਮ ਫਿਲਪੀਨਜ਼ (4 ਅੰਕ) ਤੋਂ ਵੱਧ ਅੰਕ ਹਨ। -ਪੀਟੀਆਈ