ਨਵੀਂ ਦਿੱਲੀ: ਭਾਰਤੀ ਖੇਡ ਅਥਾਰਿਟੀ (ਸਾਈ) ਨੇ ਇਸ ਸਾਲ ਅਪਰੈਲ ਤੋਂ ਜੂਨ ਵਕਫ਼ੇ ਲਈ ਖੇਲੋ ਇੰਡੀਆ ਦੀਆਂ 21 ਖੇਡਾਂ ਦੇ 2189 ਖਿਡਾਰੀਆਂ ਲਈ ਕੁੱਲ 6.52 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਹੈ। ਇਨ੍ਹਾਂ ਖੇਡਾਂ ਵਿੱਚ ਪੈਰਾ ਖੇਡਾਂ ਵੀ ਸ਼ਾਮਲ ਹਨ। ਸਾਈ ਨੇ ਇੱਥੇ ਜਾਰੀ ਇਕ ਪ੍ਰੈੱਸ ਬਿਆਨ ਰਾਹੀ ਕਿਹਾ, ”ਸਾਲਾਨਾ ਖੇਲੋ ਇੰਡੀਆ ਸਕਾਲਰਸ਼ਿਪ ਯੋਜਨਾ ਤਹਿਤ ਮਾਨਤਾ ਪ੍ਰਾਪਤ ਅਕਾਦਮੀਆਂ ਵਿੱਚ ਹਰੇਕ ਰਿਹਾਇਸ਼ੀ ਖਿਡਾਰੀ ਸਿਖਲਾਈ ਕੇਂਦਰ ਲਈ 6.28 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ। ਇਸ ਵਿੱਚ 1.20 ਲੱਖ ਰੁਪਏ ਦਾ ਜੇਬ ਖਰਚਾ ਵੀ ਸ਼ਾਮਲ ਹੈ।” ਜੇਬ ਖਰਚਾ (ਸਾਲਾਨਾ 1.20 ਲੱਖ ਰੁਪਏ) ਸਿੱਧੇ ਖਿਡਾਰੀ ਦੇ ਬੈਂਕ ਖਾਤੇ ਵਿੱਚ ਟਰਾਂਸਫਰ ਕਰ ਦਿੱਤਾ ਜਾਂਦਾ ਹੈ ਜਦਕਿ ਬਾਕੀ ਰਾਸ਼ੀ ਖਿਡਾਰੀ ਦੀ ਸਿਖਲਾਈ, ਖਾਣੇ, ਰਿਹਾਇਸ਼ ਅਤੇ ਸਿੱਖਿਆ ‘ਤੇ ਖੇਲੋ ਇੰਡੀਆ ਅਕਾਦਮੀ ਵਿੱਚ ਖਰਚ ਕੀਤੀ ਜਾਂਦੀ ਹੈ ਜਿੱਥੇ ਉਹ ਸਿਖਲਾਈ ਲੈ ਰਿਹਾ ਹੈ। -ਪੀਟੀਆਈ