ਸੋਨੀਪਤ, 15 ਜੂਨ
ਭਾਰਤ ਦੇ ਮੋਹਰੀ ਪਹਿਲਵਾਨਾਂ ਅਤੇ ਕੋਚਾਂ ਨੂੰ ਭਾਰਤੀ ਖੇਡ ਅਥਾਰਿਟੀ (ਸਾਈ) ਦੇ ਸੋਨੀਪਤ ਕੇਂਦਰ ਵਿੱਚ ਕੁਸ਼ਤੀ ਹਾਲ ਦੀ ਮੁਰੰਮਤ ਵਿੱਚ ਦੇਰੀ ਕਾਰਨ ਅਤਿ ਦੀ ਗਰਮੀ ਵਿੱਚ ਅਭਿਆਸ ਕਰਨਾ ਪੈ ਰਿਹਾ ਹੈ ਜਿਸ ਕਰ ਕੇ ਉਨ੍ਹਾਂ ਦੀ ਸਿਹਤ ‘ਤੇ ਮਾੜਾ ਪ੍ਰਭਾਵ ਪੈਣ ਦੇ ਨਾਲ ਸੱਟਾਂ ਦਾ ਖ਼ਤਰਾ ਵੀ ਬਣਿਆ ਹੋਇਆ ਹੈ।
ਤਕਰੀਬਨ 70 ਪੁਰਸ਼ ਪਹਿਲਵਾਨ ਇਸ ਹਾਲ ਵਿੱਚ ਸਖ਼ਤ ਅਭਿਆਸ ਕਰ ਰਹੇ ਹਨ ਜਿਨ੍ਹਾਂ ਵਿੱਚ ਦੇਸ਼ ਦੇ ਚੋਟੀ ਦੇ ਫ੍ਰੀ-ਸਟਾਈਲ ਅਤੇ ਗ੍ਰੀਕੋ ਰੋਮਨ ਪਹਿਲਵਾਨ ਵੀ ਸ਼ਾਮਲ ਹਨ ਜਦਕਿ ਐੱਨਸੀਆਰ ਵਿੱਚ ਤਾਪਮਾਨ ਇਨ੍ਹਾਂ ਦਿਨੀਂ 45 ਡਿਗਰੀ ਸੈਲਸੀਅਸ ਤੋਂ ਪਾਰ ਹੋ ਰਿਹਾ ਹੈ, ਇਸ ਵਾਸਤੇ ਇਹ ਹਾਲ ਸਿਖਲਾਈ ਲਈ ਠੀਕ ਨਹੀਂ ਹੈ। ਕੌਮੀ ਕੈਂਪ ਦੀ ਨਿਗਰਾਨੀ ਕਰ ਰਹੇ ਕਈ ਕੋਚਾਂ ਵਿੱਚੋਂ ਇਕ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕਦੇ ਕਦਾਈਂ ‘ਮਲਟੀਪਰਪਜ਼’ ਹਾਲ ਦੇ ਅੰਦਰ ਦਾ ਤਾਪਮਾਨ ਸਿਖਲਾਈ ਦੌਰਾਨ 39 ਡਿਗਰੀ ਤੱਕ ਪਹੁੰਚ ਜਾਂਦਾ ਹੈ। ਸਿਖਲਾਈ ਲਈ ਆਦਰਸ਼ ਤੌਰ ‘ਤੇ ਤਾਪਮਾਨ 23 ਤੋਂ 24 ਡਿਗਰੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ, ”ਅਸੀਂ ਐਨੀ ਗਰਮੀ ਵਿੱਚ ਅਭਿਆਸ ਕਰਵਾ ਕੇ ਆਪਣੇ ਪਹਿਲਵਾਨਾਂ ਨੂੰ ਸੱਟ ਲੱਗਣ ਵੱਲ ਧੱਕ ਰਹੇ ਹਾਂ। ਹੁਣ ਜਦੋਂ ਰਾਸ਼ਟਰਮੰਡਲ ਖੇਡਾਂ ਨੇੜੇ ਹਨ ਤਾਂ ਇਹ ਆਦਰਸ਼ ਸਥਿਤੀ ਨਹੀਂ ਹੈ।” ਇਸ ਹਾਲ ਦੀ ਉਚਾਈ 12.5 ਮੀਟਰ ਹੈ ਜਿੱਥੇ ਏਅਰ ਕੰਡੀਸ਼ਨਰ ਵੀ ਪ੍ਰਭਾਵੀ ਨਹੀਂ ਰਹਿੰਦੇ ਹਨ। ਉੱਧਰ, ਸੈਂਟਰ ਦੀ ਮੈੱਸ ਵਿੱਚ ਵੀ ਘਟੀਆ ਖਾਣੇ ਦੀਆਂ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ। -ਪੀਟੀਆਈ
ਹਾਲ ਦੇ ਅੰਦਰ ਕੂਲਰ ਲਗਵਾਏ: ਕਾਰਜਕਾਰੀ ਨਿਰਦੇਸ਼ਕ
ਸਾਈ ਦੀ ਕਾਰਜਕਾਰੀ ਨਿਰਦੇਸ਼ਕ ਲਲਿਤਾ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ ਹਾਲ ਦੇ ਅੰਦਰ ਕੁਝ ਕੂਲਰ ਲਗਵਾ ਦਿੱਤੇ ਹਨ। ਉਨ੍ਹਾਂ ਕਿਹਾ, ”ਅਸੀਂ ਅੱਜ ਹੀ ਛੇ ਕੂਲਰਾਂ ਦਾ ਇੰਤਜ਼ਾਮ ਕੀਤਾ ਹੈ। ਅਸੀਂ ਪਹਿਲਵਾਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਆਸ ਹੈ ਕਿ ਇਕ ਮਹੀਨੇ ਦੇ ਅੰਦਰ ਮੁਰੰਮਤ ਦਾ ਕੰਮ ਪੂਰਾ ਹੋ ਜਾਵੇਗਾ।”