ਮੁੰਬਈ: ਬੌਲੀਵੁੱਡ ਦੇ ਉੱਘੇ ਅਦਾਕਾਰ ਅਮਿਤਾਭ ਬੱਚਨ ਨੇ ਐਲਾਨ ਕੀਤਾ ਕਿ ਉਹ ‘ਕੌਨ ਬਨੇਗਾ ਕਰੋੜਪਤੀ’ (ਕੇਬੀਸੀ) ਦਾ ਨਵਾਂ ਸੀਜ਼ਨ ਲੈ ਕੇ ਆ ਰਿਹਾ ਹੈ। ਕੇਬੀਸੀ ਦੀ ਨਵੀਂ ਵੀਡੀਓ ਵਿੱਚ ਉਹ 2000 ਰੁਪਏ ਦੇ ਨੋਟਾਂ ‘ਚ ‘ਜੀਪੀਐੱਸ’ ਹੋਣ ਦੀ ਗ਼ਲਤ ਜਾਣਕਾਰੀ ਦੇ ਦਾਅਵੇ ਬਾਰੇ ਸਵਾਲ ਪੁੱਛਦਾ ਨਜ਼ਰ ਆ ਰਿਹਾ ਹੈ। ਸਾਲ 2016 ਵਿੱਚ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿੱਚ ਨੋਟਬੰਦੀ ਲਾਗੂ ਕੀਤੀ ਸੀ ਤਾਂ ਉਦੋਂ ਬਹੁਤ ਸਾਰੇ ਨਿਊਜ਼ ਚੈਨਲਾਂ ਨੇ ਦਾਅਵਾ ਕੀਤਾ ਸੀ ਕਿ 2000 ਰੁਪਏ ਦੇ ਨੋਟ ਵਿੱਚ ਜੀਪੀਐੱਸ ਹੈ, ਜਿਸ ਨਾਲ ਹਰ ਸਮੇਂ ਨੋਟ ਦੀ ਲੋਕੇਸ਼ਨ ਦਾ ਪਤਾ ਲਾਇਆ ਜਾ ਸਕਦਾ ਹੈ। ‘ਕੇਬੀਸੀ’ ਦੇ ਨਵੇਂ ਸੀਜ਼ਨ ਦਾ ਪੰਜਾਹ ਸੈਕਿੰਡ ਦਾ ਇਹ ਪ੍ਰੋਮੋ ਸੋਨੀ ਟੀਵੀ ਵੱਲੋਂ ਜਾਰੀ ਕੀਤਾ ਗਿਆ ਹੈ। ਪ੍ਰੋਮੋ ‘ਚ ਅਮਿਤਾਭ ਬੱਚਨ ਮੇਜ਼ਬਾਨ ਵਜੋਂ ਦਿਖਾਈ ਦੇ ਰਿਹਾ ਹੈ ਅਤੇ ਉਹ ਗੁੱਡੀ ਨਾਮੀ ਮੁਕਾਬਲੇਬਾਜ਼ ਲੜਕੀ ਕੋਲੋਂ ਸਵਾਲ ਪੁੱਛਦਾ ਨਜ਼ਰ ਆ ਰਿਹਾ ਹੈ। ਅਮਿਤਾਭ ਕਹਿੰਦਾ ਹੈ ਕਿ ਗਿਆਨ ਜਿੱਥੋਂ ਮਰਜ਼ੀ ਲੈ ਲਓ ਪਰ ਪਹਿਲਾਂ ਉਸ ਦੇ ਤੱਥਾਂ ਦੀ ਘੋਖ ਜ਼ਰੂਰ ਕੀਤੀ ਜਾਵੇ। ਜਾਣਕਾਰੀ ਅਨੁਸਾਰ ਸਾਲ 2007 ਨੂੰ ਛੱਡ ਕੇ ਅਮਿਤਾਭ ਬੱਚਨ ਸਾਲ 2000 ਤੋਂ ‘ਕੇਬੀਸੀ’ ਦੀ ਮੇਜ਼ਬਾਨੀ ਕਰ ਰਿਹਾ ਹੈ। 2007 ਵਿੱਚ ਇਸ ਸ਼ੋਅ ਦੀ ਮੇਜ਼ਬਾਨੀ ਸ਼ਾਹਰੁਖ ਖਾਨ ਨੇ ਕੀਤੀ ਸੀ। -ਪੀਟੀਆਈ