ਬਰਮਿੰਘਮ, 4 ਜੁਲਾਈ
ਭਾਰਤੀ ਟੀਮ ਇੱਥੇ ਇੰਗਲੈਂਡ ਖ਼ਿਲਾਫ਼ ਪੰਜਵੇਂ ਕ੍ਰਿਕਟ ਟੈਸਟ ਦੇ ਚੌਥੇ ਦਿਨ ਦੂਜੀ ਪਾਰੀ ਵਿੱਚ 245 ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਨਾਲ ਮੇਜ਼ਬਾਨ ਟੀਮ ਨੂੰ ਜਿੱਤ ਲਈ 378 ਦੌੜਾਂ ਦਾ ਟੀਚਾ ਮਿਲਿਆ ਹੈ। ਭਾਰਤ ਵੱਲੋਂ ਦੂਜੀ ਪਾਰੀ ਵਿੱਚ ਚੇਤੇਸ਼ਵਰ ਪੁਜਾਰਾ ਨੇ ਸਭ ਤੋਂ ਵੱਧ 66 ਦੌੜਾਂ ਬਣਾਈਆਂ ਜਦਕਿ ਰਿਸ਼ਭ ਪੰਤ ਨੇ 57 ਦੌੜਾਂ ਦੀ ਪਾਰੀ ਖੇਡੀ। ਇੰਗਲੈਂਡ ਵੱਲੋਂ ਕਪਤਾਨ ਬੇਨ ਸਟੋਕਸ ਨੇ 4 ਜਦਕਿ ਸਟੂਆਰਟ ਬਰਾਡ ਅਤੇ ਮੈਟੀ ਪੌਟਸ ਨੇ 2-2 ਵਿਕਟਾਂ ਹਾਸਲ ਕੀਤੀਆਂ। ਭਾਰਤ ਨੇ ਆਪਣੀ ਪਹਿਲੀ ਪਾਰੀ ਵਿੱਚ 416 ਦੌੜਾਂ ਬਣਾਈਆਂ ਸਨ ਤੇ ਉਸ ਨੇ ਇੰਗਲੈਂਡ ਦੀ ਪਹਿਲੀ ਪਾਰੀ 284 ਦੌੜਾਂ ‘ਤੇ ਸਮੇਟ ਦਿੱਤੀ ਸੀ। ਭਾਰਤ ਨੂੰ ਪਹਿਲੀ ਪਾਰੀ ਵਿੱਚ 132 ਦੌੜਾਂ ਦੀ ਲੀਡ ਮਿਲੀ ਸੀ। ਖ਼ਬਰ ਲਿਖੇ ਜਾਣ ਤੱਕ ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਦੀ ਟੀਮ ਨੇ ਬਿਨਾਂ ਕੋਈ ਵਿਕਟ ਗੁਆਏ 69 ਦੌੜਾਂ ਬਣਾ ਲਈਆਂ ਸਨ। -ਰਾਇਟਰਜ਼