ਚੇਨੱਈ: ਆਲ ਇੰਡੀਆ ਸ਼ਤਰੰਜ ਫੈਡਰੇਸ਼ਨ (ਏਆਈਸੀਐੱਫ) ਨੇ ਅੱਜ ਇੱਥੇ ਦੱਸਿਆ ਕਿ ਭਾਰਤ 28 ਜੁਲਾਈ ਤੋਂ 10 ਅਗਸਤ ਤੱਕ ਇੱਥੇ ਮਮਾਲਾਪੁਰਮ ਨੇੜੇ ਹੋਣ ਵਾਲੇ 44ਵੇਂ ਸ਼ਤਰੰਜ ਓਲੰਪਿਆਡ ਦੇ ਓਪਨ ਵਰਗ ਵਿੱਚ ਤੀਜੀ ਟੀਮ ਉਤਾਰੇਗਾ। ਓਪਨ ਵਰਗ ਵਿੱਚ ਰਿਕਾਰਡ 187 ਟੀਮਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ ਅਤੇ ਨਿਯਮਾਂ ਅਨੁਸਾਰ ਐਂਟਰੀਆਂ ਦੀ ਗਿਣਤੀ ਬਰਾਬਰ ਕਰਨ ਲਈ ਐੱਫਆਈਡੀਈ ਨੇ ਮੇਜ਼ਬਾਨ ਦੇਸ਼ (ਭਾਰਤ) ਨੂੰ ਤੀਜੀ ਟੀਮ ਉਤਾਰਨ ਦੀ ਮਨਜ਼ੂਰੀ ਦਿੱਤੀ ਹੈ। ਭਾਰਤੀ ‘ਏ’ ਟੀਮ ਓਪਨ ਵਰਗ ਵਿੱਚ ਤੀਜਾ ਦਰਜਾ ਅਤੇ ‘ਬੀ’ ਟੀਮ 11ਵਾਂ ਦਰਜਾ ਪ੍ਰਾਪਤ ਕਰੇਗੀ। ਇਸੇ ਤਰ੍ਹਾਂ ਮਹਿਲਾਵਾਂ ਦੇ ਮੁਕਾਬਲੇ ਵਿੱਚ ਭਾਰਤ ਦੀ ‘ਏ’ ਟੀਮ ਪਹਿਲਾ ਦਰਜਾ ਅਤੇ ‘ਬੀ’ ਟੀਮ 12ਵਾਂ ਦਰਜਾ ਪ੍ਰਾਪਤ ਕਰੇਗੀ। ਏਆਈਸੀਐੱਫ ਵੱਲੋਂ ਜਾਰੀ ਬਿਆਨ ਅਨੁਸਾਰ ਗਰੈਂਡਮਾਸਟਰ ਸੂਰਿਆ ਸ਼ੇਖਰ ਗਾਂਗੁਲੀ, ਕਾਰਤੀਕੇਅਨ ਮੁਰਲੀ, ਐੱਸਪੀ ਸੇਤੁਰਮਨ, ਅਭਿਜੀਤ ਗੁਪਤਾ ਅਤੇ ਅਭਿਮਨਿਊ ਪੁਰਾਣਿਕ ਤੀਜੀ ਭਾਰਤੀ ਟੀਮ ਦਾ ਹਿੱਸਾ ਹੋਣਗੇ। ਗੁਜਰਾਤ ਦਾ ਪਹਿਲਾਂ ਗਰੈਂਡਮਾਸਟਰ ਤੇਜਸ ਬਾਕਰੇ ਟੀਮ ਦਾ ਕਪਤਾਨ ਹੋਵੇਗਾ। -ਪੀਟੀਆਈ