ਨਵੀਂ ਦਿੱਲੀ: ਭਾਰਤੀ ਦੌੜਾਕ ਪਾਰੁਲ ਚੌਧਰੀ ਲਾਸ ਏਂਜਲਸ ਵਿੱਚ ਸਾਊਂਡ ਰਨਿੰਗ ਮੀਟ ਦੌਰਾਨ ਔਰਤਾਂ ਦੇ 3000 ਮੀਟਰ ਈਵੈਂਟ ਵਿੱਚ ਨੌਂ ਮਿੰਟ ਤੋਂ ਵੀ ਘੱਟ ਸਮੇਂ ਵਿੱਚ ਦੌੜ ਪੂਰੀ ਕਰਨ ਵਾਲੀ ਦੇਸ਼ ਦੀ ਪਹਿਲੀ ਅਥਲੀਟ ਬਣ ਗਈ ਹੈ। ਉਹ ਸ਼ਨਿਚਰਵਾਰ ਰਾਤ ਨੂੰ 8:57.19 ਸਕਿੰਟ ਦੇ ਸਮੇਂ ਨਾਲ ਤੀਜੇ ਸਥਾਨ ‘ਤੇ ਰਹੀ। ਸਟੀਪਲਚੇਜ਼ ਮਾਹਿਰ ਪਾਰੁਲ ਨੇ ਛੇ ਸਾਲ ਪਹਿਲਾਂ ਨਵੀਂ ਦਿੱਲੀ ਵਿੱਚ ਸੂਰਿਆ ਲਾਂਗਨਾਥਨ ਦਾ 9:04.5 ਸਕਿੰਟ ਦਾ ਰਿਕਾਰਡ ਤੋੜਿਆ ਸੀ। ਉਹ ਪਹਿਲਾਂ ਪੰਜਵੇਂ ਸਥਾਨ ‘ਤੇ ਚੱਲ ਰਹੀ ਸੀ ਪਰ ਆਖਰੀ ਦੋ ਲੈਪਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਉਸ ਨੇ ਤੀਜਾ ਸਥਾਨ ਹਾਸਲ ਕੀਤਾ। ਪਾਰੁਲ ਨੂੰ ਇਸ ਮਹੀਨੇ ਅਮਰੀਕਾ ਦੇ ਓਰੇਗਨ ‘ਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਲਈ ਭਾਰਤੀ ਟੀਮ ‘ਚ ਵੀ ਸ਼ਾਮਲ ਕੀਤਾ ਗਿਆ ਹੈ। ਉਹ ਔਰਤਾਂ ਦੀ 3000 ਮੀਟਰ ਸਟੀਪਲਚੇਜ਼ ਵਿੱਚ ਚੁਣੌਤੀ ਦੇਵੇਗੀ। -ਪੀਟੀਆਈ