ਕਰਾਚੀ, 5 ਜੁਲਾਈ
ਪਾਕਿਸਤਾਨ ਦੀ ਸੁਰੱਖਿਆ ਏਜੰਸੀਆਂ ਨੇ ਅੱਜ ਦਾਅਵਾ ਕੀਤਾ ਹੈ ਕਿ ਕਰਾਚੀ ਯੂਨੀਵਰਸਿਟੀ ‘ਤੇ ਹੋਏ ਆਤਮਘਾਤੀ ਹਮਲੇ ਦੇ ਸਾਜ਼ਿਸ਼ਘਾੜੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਬੰਬ ਧਮਾਕੇ ਵਿੱਚ ਚੀਨ ਦੇ ਤਿੰਨ ਅਧਿਆਪਕਾਂ ਸਣੇ ਉਨ੍ਹਾਂ ਦੇ ਸਥਾਨਕ ਡਰਾਈਵਰ ਦੀ ਮੌਤ ਹੋ ਗਈ ਸੀ। ਇਹ ਘਟਨਾ ਅਪਰੈਲ ਮਹੀਨੇ ਵਿੱਚ ਵਾਪਰੀ ਸੀ। ਜਿਓ ਟੀਵੀ ਅਨੁਸਾਰ ਇਸ ਵਿਅਕਤੀ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਮੰਗਲਵਾਰ ਨੂੰ ਅਤਿਵਾਦ ਵਿਰੋਧੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪਾਕਿਸਤਾਨ ਦੇ ਅਤਿਵਾਦ ਵਿਰੋਧੀ ਵਿਭਾਗ ਨੇ ਅਦਾਲਤ ਨੂੰ ਦੱਸਿਆ ਕਿ ਇਹ ਮਸ਼ਕੂਕ ਵੱਖਵਾਦੀ ਸੰਸਥਾ ‘ਬਲੋਚਿਸਤਾਨ ਲਿਬਰੇਸ਼ਨ ਆਰਮੀ’ (ਬੀਐੱਲਏ) ਤੇ ‘ਬਲੋਚਿਸਤਾਨ ਲਿਬਰੇਸ਼ਨ ਫੈਡਰੇਸ਼ਨ-ਕਰਾਚੀ’ (ਬੀਐੱਲਐੱਫ) ਦਾ ਕਮਾਂਡਰ ਹੈ ਤੇ 26 ਅਪਰੈਲ ਨੂੰ ਕਰਾਚੀ ਯੂਨੀਵਰਸਿਟੀ ਦੀ ਅੱਗੇ ਹੋਏ ਆਤਮਘਾਤੀ ਧਮਾਕੇ ਦਾ ਸਰਗਨਾ ਵੀ ਹੈ। ਇਸ ਹਮਲੇ ਵਿੱਚ ਚੀਨ ਦੇ ਤਿੰਨ ਅਧਿਆਪਕਾਂ ਦੀ ਮੌਤ ਹੋਈ ਸੀ। ਟੀਵੀ ਚੈਨਲ ਅਨੁਸਾਰ ਇਸ ਸ਼ੱਕੀ ਵਿਅਕਤੀ ਨੇ ਕਰਾਚੀ ਵਿੱਚ ਚੀਨ ਦੇ ਨਾਗਰਿਕਾਂ ‘ਤੇ ਹੋਏ ਹੋਰਨਾਂ ਹਮਲਿਆਂ ਵਿੱਚ ਵੀ ਮਦਦ ਮੁਹੱਈਆ ਕਰਵਾਈ ਸੀ। ਅਦਾਲਤ ਨੇ ਉਸ ਨੂੰ 16 ਜੁਲਾਈ ਤਕ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ ਹੈ। -ਪੀਟੀਆਈ