ਨਵੀਂ ਦਿੱਲੀ, 5 ਜੁਲਾਈ
ਕਾਂਗਰਸ ਨੇ ਪਿਛਲੇ ਦਿਨੀਂ ਹੋਈ ਜੀਐੱਸਟੀ ਕੌਂਸਲ ਦੀ ਮੀਟਿੰਗ ਵਿੱਚ ਪਹਿਲਾਂ ਤੋਂ ਪੈਕ ਕਣਕ ਦਾ ਆਟਾ, ਦਹੀਂ ਅਤੇ ਲੱਸੀ ਨੂੰ ਜੀਐੱਸਟੀ ਦੇ ਘੇਰੇ ਵਿੱਚ ਲਿਆਉਣ ਦਾ ਵਿਰੋਧ ਕੀਤਾ ਹੈ। ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਜੀਐੱਸਟੀ ਦਰਾਂ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਟੈਕਸ ਦੀ ਸਿੰਗਲ ਅਤੇ ਘਟ ਦਰ ਹੀ ਮੱਧ ਵਰਗੀ ਤੇ ਗਰੀਬ ਲੋਕਾਂ ਦਾ ਆਰਥਿਕ ਬੋਝ ਘਟਾ ਸਕਦੀ ਹੈ। ਉਨ੍ਹਾਂ ਨੇ ਜੀਐੱਸਟੀ ਨੂੰ ਮੁੜ ‘ਗੱਬਰ ਸਿੰਘ ਟੈਕਸ’ ਦੱਸਿਆ। ਇਸੇ ਦੌਰਾਨ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਹਿੰਦੀ ਵਿੱਚ ਟਵੀਟ ਕਰਦਿਆਂ ਕਿਹਾ ਕਿ ਦੇਸ਼ ਵਾਸੀ ਪਹਿਲਾਂ ਹੀ ‘ਮੋਦੀ ਵੱਲੋਂ ਲਿਆਂਦੀ ਗਈ ਮਹਿੰਗਾਈ’ ਤੋਂ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਜੀਐੱਸਟੀ ਦਰਾਂ ਵਿੱਚ ਕੀਤੀਆਂ ਗਈਆਂ ਤਬਦੀਲੀਆਂ 18 ਜੁਲਾਈ ਤੋਂ ਲਾਗੂ ਹੋ ਜਾਣਗੀਆਂ ਜਿਸ ਨਾਲ ਲੋਕਾਂ ਦੀਆਂ ਦਿੱਕਤਾਂ ਹੋਰ ਵੀ ਵਧਣਗੀਆਂ। ਇਥੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਹੈੱਡਕੁਆਰਟਰ ‘ਤੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਬੁਲਾਰੇ ਗੌਰਵ ਵਲੱਭ ਨੇ ਕਿਹਾ ਕਿ ਜੀਐੱਸਟੀ ਦੇ ਮੌਜੂਦਾ ਢਾਂਚੇ ਵਿੱਚ ਕਈ ਸੁਧਾਰਾਂ ਦੀ ਲੋੜ ਹੈ ਪਰ ਇਨ੍ਹਾਂ ਸੁਧਾਰਾਂ ਦੀ ਥਾਂ ਮੋਦੀ ਸਰਕਾਰ ਆਮ ਲੋਕਾਂ ਦੀ ਜਿੰਦਗੀ ਨੂੰ ਹੋਰ ਵੀ ਦਿੱਕਤਾਂ ਵਾਲੀ ਬਣਾਉਣ ‘ਤੇ ਤੁਲੀ ਹੋਈ ਹੈ। -ਪੀਟੀਆਈ