ਨਵੀਂ ਦਿੱਲੀ: ਰਾਸ਼ਟਰਮੰਡਲ ਖੇਡਾਂ ਵਿੱਚ ਨਿਸ਼ਾਨੇਬਾਜ਼ੀ ਅਤੇ ਤੀਰਅੰਦਾਜ਼ੀ ਵਰਗੇ ਖੇਡਾਂ ਦੇ ਹਟਣ ਕਾਰਨ ਭਾਰਤ ਦੀਆਂ ਤਗ਼ਮਿਆਂ ਸਬੰਧੀ ਸੰਭਾਵਨਾਵਾਂ ਨੂੰ ਝਟਕਾ ਲੱਗਾ ਹੈ ਪਰ ਕੇਂਦਰੀ ਖੇਡ ਤੇ ਨੌਜਵਾਨ ਮਾਮਲਿਆਂ ਬਾਰੇ ਮੰਤਰੀ ਅਨੁਰਾਗ ਠਾਕੁਰ ਨੇ ਅੱਜ ਇੱਥੇ ਆਸ ਪ੍ਰਗਟਾਈ ਕਿ ਹੋਰ ਖੇਡਾਂ ਦੇ ਖਿਡਾਰੀ ਇਸ ਘਾਟ ਨੂੰ ਪੂਰਾ ਕਰਨਗੇ। ਰਾਸ਼ਟਰਮੰਡਲ ਖੇਡਾਂ ਲਈ ਕਿੱਟ (ਪੁਸ਼ਾਕ) ਜਾਰੀ ਕਰਨ ਅਤੇ ਖਿਡਾਰੀਆਂ ਦੇ ਵਿਦਾਇਗੀ ਸਮਾਰੋਹ ਮੌਕੇ ਠਾਕੁਰ ਨੇ ਕਿਹਾ, ”ਪਿਛਲੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਅਸੀਂ ਸੱਤ ਸੋਨ ਤਗ਼ਮਿਆਂ ਸਣੇ 16 ਤਗ਼ਮੇ ਸਿਰਫ਼ ਨਿਸ਼ਾਨੇਬਾਜ਼ੀ ਵਿੱਚ ਜਿੱਤੇ ਸਨ। ਇਸ ਵਾਰ ਸਾਨੂੰ ਇਸ ਦੀ ਘਾਟ ਰੜਕੇਗੀ ਪਰ ਇਨ੍ਹਾਂ ਖੇਡਾਂ ਵਿੱਚ ਸਾਡੇ 215 ਖਿਡਾਰੀ ਹਿੱਸਾ ਲੈ ਰਹੇ ਹਨ ਅਤੇ ਆਸ ਹੈ ਕਿ ਉਹ ਆਪੋ-ਆਪਣੇ ਮੁਕਾਬਲਿਆਂ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣਗੇ।’ ਖੇਡ ਮੰਤਰੀ ਨੇ ਇਸ ਗੱਲ ‘ਤੇ ਖੁਸ਼ੀ ਜ਼ਾਹਿਰ ਕੀਤੀ ਕਿ ਬਰਮਿੰਘਮ ਵਿੱਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ‘ਚ ਪੁਰਸ਼ ਅਤੇ ਮਹਿਲਾ ਖਿਡਾਰੀਆਂ ਦੀ ਗਿਣਤੀ ਲਗਪਗ ਬਰਾਬਰ ਹੈ। ਇਸੇ ਮਹੀਨੇ 28 ਤਰੀਕ ਨੂੰ ਸ਼ੁਰੂ ਹੋਣ ਵਾਲੀਆਂ ਇਨ੍ਹਾਂ ਖੇਡਾਂ ਵਿੱਚ ਸ਼ਾਮਲ ਹੋਣ ਵਾਲੇ 215 ਭਾਰਤੀ ਖਿਡਾਰੀਆਂ ‘ਚੋਂ 108 ਪੁਰਸ਼ ਤੇ 107 ਮਹਿਲਾਵਾਂ ਹਨ। -ਪੀਟੀਆਈ