ਨਵੀਂ ਦਿੱਲੀ: ਯੋਗ ਅਥਲੀਟਾਂ ਅਤੇ ਸਾਬਕਾ ਖਿਡਾਰੀਆਂ ਨੂੰ ਹੁਣ ਆਪਣੇ ਇਨਾਮ ਅਤੇ ਬਕਾਏ ਲੈਣ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਨਹੀਂ ਲਾਉਣੇ ਪੈਣਗੇ ਕਿਉਂਕਿ ਖੇਡ ਮੰਤਰਾਲੇ ਨੇ ਇਹ ਸਾਰੀ ਪ੍ਰਕਿਰਿਆ ਆਨਲਾਈਨ ਕਰ ਦਿੱਤੀ ਹੈ। ਖੇਡ ਮੰਤਰੀ ਅਨੁਰਾਗ ਠਾਕੁਰ ਨੇ ਅੱਜ ਤਿੰਨ ਪਹਿਲਕਦਮੀਆਂ ਦੀ ਸ਼ੁਰੂਆਤ ਕੀਤੀ ਹੈ, ਜਿਸ ਵਿੱਚ ਖੇਡ ਵਿਭਾਗ ਦੀਆਂ ਸਕੀਮਾਂ ਲਈ ਆਨਲਾਈਨ ਪੋਰਟਲ, ਰਾਸ਼ਟਰੀ ਖੇਡ ਵਿਕਾਸ ਫੰਡ (ਐੱਨਐੱਸਡੀਐੱਫ) ਦੀ ਵੈੱਬਸਾਈਟ ਅਤੇ ਖਿਡਾਰੀਆਂ ਲਈ ਨਕਦ ਇਨਾਮ, ਕੌਮੀ ਭਲਾਈ ਅਤੇ ਪੈਨਸ਼ਨ ਲਈ ਸੋਧੀ ਹੋਈ ਯੋਜਨਾ ਸ਼ਾਮਲ ਹੈ। ਸਰਗਰਮ ਅਥਲੀਟ ਖੇਡ ਵਿਭਾਗ ਦੇ ਪੋਰਟਲ ‘ਤੇ ਆਨਲਾਈਨ ਅਪਲਾਈ ਕਰ ਸਕਦੇ ਹਨ ਜਦਕਿ ਕਾਰਪੋਰੇਟ, ਪੀਐੱਸਯੂ ਅਤੇ ਹੋਰ ਵਿਅਕਤੀ ਇਸ ਦੀ ਨਵੀਂ ਵੈੱਬਸਾਈਟ ‘ਤੇ ਐੱਨਐੱਸਡੀਐੱਫ ਫੰਡ ਵਿੱਚ ਯੋਗਦਾਨ ਪਾ ਸਕਦੇ ਹਨ। ਇਸ ਪਹਿਲਕਦਮੀ ਨੂੰ ‘ਕ੍ਰਾਂਤੀਕਾਰੀ’ ਕਰਾਰ ਦਿੰਦਿਆਂ ਠਾਕੁਰ ਨੇ ਕਿਹਾ ਕਿ ਇਸ ਨਾਲ ਪਾਰਦਰਸ਼ਤਾ ਲਿਆਉਣ ਅਤੇ ਜਵਾਬਦੇਹੀ ਵਿੱਚ ਮਦਦ ਮਿਲੇਗੀ। ਇਸੇ ਤਰ੍ਹਾਂ ਇਸ ਨਾਲ ਸਰਕਾਰ ਦੇ ‘ਡਿਜੀਟਲ ਇੰਡੀਆ’ ਮਿਸ਼ਨ ਨੂੰ ਵੀ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ, ”ਅਸੀਂ ਖਿਡਾਰੀਆਂ ਨੂੰ ਸਹੂਲਤਾਂ ਦੇਣੀਆਂ ਜਾਰੀ ਰੱਖਾਂਗੇ ਪਰ ਜੇ ਤਕਨੀਕ ਨੂੰ ਇਨ੍ਹਾਂ ਸਹੂਲਤਾਂ ਨਾਲ ਜੋੜ ਸਕੀਏ ਤਾਂ ਇਹ ਹੋਰ ਫਾਇਦੇਮੰਦ ਹੋ ਸਕਦਾ ਹੈ। -ਪੀਟੀਆਈ