ਕੋਲੰਬੋ, 9 ਜੁਲਾਈ
ਸ੍ਰੀਲੰਕਾ ‘ਚ ਆਰਥਿਕ ਮੰਦਹਾਲੀ ਤੋਂ ਸਤਾਏ ਲੋਕ ਅੱਜ ਪ੍ਰਦਰਸ਼ਨ ਕਰਦੇ ਹੋਏ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਦੇ ਘਰ ਦਾਖਲ ਹੋ ਗਏ। ਪ੍ਰਦਰਸ਼ਨਕਾਰੀ ਰਾਸ਼ਟਰਪਤੀ ਤੋਂ ਅਸਤੀਫੇ ਦੀ ਮੰਗ ਕਰ ਰਹੇ ਹਨ। ਇਨ੍ਹਾਂ ਨੂੰ ਖ਼ਿੰਡਾਉਣ ਲਈ ਪੁਲੀਸ ਨੇ ਸਖ਼ਤੀ ਵੀ ਵਰਤੀ।ਪ੍ਰਦਰਸ਼ਨਕਾਰੀਆਂ ‘ਤੇ ਪੁਲੀਸ ਤੇ ਫੌਜ ਨੇ ਜਲ ਤੋਪਾਂ ਤੇ ਅੱਥਰੂ ਗੈਸ ਦੀ ਵਰਤੋਂ ਕੀਤੀ ਪਰ ਲੋਕ ਸਾਰੇ ਬੈਰੀਕੇਡ ਤੋੜ ਕੇ ਰਾਸ਼ਟਰਪਤੀ ਭਵਨ ‘ਚ ਦਾਖਲ ਹੋ ਗਏ। ਪੁਲੀਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪਾਂ ‘ਚ ਘੱਟੋ-ਘੱਟ 30 ਵਿਅਕਤੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਸ਼ਨਿਚਰਵਾਰ ਰਾਤ ਤੋਂ ਹੀ ਰਾਸ਼ਟਰਪਤੀ ਭਵਨ ਦੇ ਨੇੜੇ ਦੇ ਇਲਾਕੇ ‘ਤੇ ਕਬਜ਼ਾ ਕਰੀ ਬੈਠੇ ਪ੍ਰਦਰਸ਼ਨਕਾਰੀਆਂ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਖਿੰਡਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਫਿਲਹਾਲ ਰਾਸ਼ਟਰਪਤੀ ਦੇ ਟਿਕਾਣੇ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਸ਼ੱਕ ਹੈ ਕਿ ਉਹ ਬੱਟਾਰਾਮੁੱਲਾ ਸਥਿਤ ਆਰਮੀ ਹੈੱਡਕੁਆਰਟਰ ‘ਤੇ ਹਨ।