ਲੰਡਨ, 8 ਜੁਲਾਈ
ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦਾ ਜਾਨਸ਼ੀਨ ਲੱਭਣ ਤੇ ਕੰਜ਼ਰਵੇਟਿਵ ਪਾਰਟੀ ਦਾ ਨਵਾਂ ਆਗੂ ਚੁਣਨ ਦੀ ਮੁਹਿੰਮ ਹੌਲੀ ਹੌਲੀ ਰਫ਼ਤਾਰ ਫੜਨ ਲੱਗੀ ਹੈ। ਭਾਰਤੀ ਮੂਲ ਦੇ ਸੁਏਲਾ ਬ੍ਰੇਵਰਮੈਨ ਮਗਰੋਂ ਦੋ ਹੋਰ ਜਣਿਆਂ ਨੇ ਬਰਤਾਨਵੀ ਸਰਕਾਰ ਵਿੱਚ ਇਸ ਸਿਖਰਲੇ ਅਹੁਦੇ ਲਈ ਦਾਅਵੇਦਾਰੀ ਪੇਸ਼ ਕੀਤੀ ਹੈ। ਜੌਹਨਸਨ ਦੇ ਜਾਨਸ਼ੀਨ ਬਣਨ ਦੀ ਦੌੜ ਵਿੱਚ ਬੈੱਨ ਵਾਲੇਸ, ਪੈਨੀ ਮੋਰਡੌਂਟ, ਸਾਬਕਾ ਚਾਂਸਲਰ ਰਿਸ਼ੀ ਸੂਨਕ, ਸਾਜਿਦ ਜਾਵੇਦ, ਨਦੀਮ ਜ਼ਹਾਵੀ, ਲਿਜ਼ ਟਰੱਸ, ਡੋਮੀਨਿਕ ਰਾਬ ਦੇ ਨਾਂ ਵੀ ਸ਼ਾਮਲ ਦੱਸੇ ਜਾਂਦੇ ਹਨ। ਹਾਊਸ ਆਫ਼ ਕਾਮਨਜ਼ ਦੀ ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਦੇ ਚੇਅਰਮੈਨ ਟੌਮ ਟਗੈਂਡਹੈਟ ਤੇ ਯੂਕੇ ਦੇ ਆਵਾਜਾਈ ਮੰਤਰੀ ਗਰਾਂਟ ਸ਼ੈਪਸ ਨੇ ਵੀ ਇਸ ਸਿਖਰਲੇ ਅਹੁਦੇ ਲਈ ਮੈਦਾਨ ਵਿੱਚ ਨਿੱਤਰਨ ਦਾ ਇਸ਼ਾਰਾ ਕੀਤਾ ਹੈ। ਜੌਹਨਸਨ ਵੱਲੋਂ ਵੀਰਵਾਰ ਨੂੰ ਅਸਤੀਫ਼ੇ ਦੇ ਐਲਾਨ ਮਗਰੋਂ ਹੁਣ ਸੰਸਦ ਮੈਂਬਰ ਸਟੀਵ ਬੇਕਰ ਸਣੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਕੁੱਲ ਚਾਰ ਪੱਕੇ ਦਾਅਵੇਦਾਰ ਹਨ। ਲੰਡਨ ਵਿੱਚ ਔਕਸਬਰਿੱਜ ਤੇ ਸਾਊਥ ਰੁਇਸਲਿਪ ਤੋਂ ਸੰਸਦ ਮੈਂਬਰ ਬੇਕਰ ਨੇ ਤਾਂ ਜੌਹਨਸਨ ਦਾ ਜਾਨਸ਼ੀਨ ਲੱਭਣ ਦਾ ਅਮਲ ਸਿਰੇ ਚੜ੍ਹਨ ਤੱਕ ਨਿਗਰਾਨ ਪ੍ਰਧਾਨ ਮੰਤਰੀ ਵਜੋਂ ਕੰਮ ਕਰਨ ਦੀ ਯੋਜਨਾ ਘੜਨੀ ਸ਼ੁਰੂ ਕਰ ਦਿੱਤੀ ਹੈ। ਉਂਜ ਜੌਹਨਸਨ ਦੇ ਜਾਨਸ਼ੀਨ ਲਈ ਅਗਲਾ ਰਾਹ ਸੌਖਾ ਨਹੀਂ ਹੋਵੇਗਾ ਕਿਉਂਕਿ ਆਗਾਮੀ ਆਮ ਚੋਣਾਂ ਤੋਂ ਪਹਿਲਾਂ ਕੰਜ਼ਰਵੇਟਿਵ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਹੈ। -ਪੀਟੀਆਈ