ਲਖੀਮਪੁਰ ਖੀਰੀ, 9 ਜੁਲਾਈ
ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਦੀ ਅਦਾਲਤ ਨੇ ਪਿਛਲੇ ਸਾਲ ਨਵੰਬਰ ਵਿਚ ਦਰਜ ਇਕ ਕੇਸ ‘ਚ ਆਲਟ ਨਿਊਜ਼ ਦੇ ਸਹਿ-ਸੰਸਥਾਪਕ ਮੁਹੰਮਦ ਜ਼ੁਬੈਰ ਨੂੰ 11 ਜੁਲਾਈ ਨੂੰ ਤਲਬ ਕੀਤਾ ਹੈ। ਇਸ ਕੇਸ ਵਿਚ ਦੁਸ਼ਮਣੀ ਪੈਦਾ ਕਰਨ ਦੇ ਦੋਸ਼ ਲਾਏ ਗਏ ਸਨ। ਸ਼ੁੱਕਰਵਾਰ ਜ਼ੁਬੈਰ ਨੂੰ ਸੁਪਰੀਮ ਕੋਰਟ ਤੋਂ ਅੰਤ੍ਰਿਮ ਜ਼ਮਾਨਤ ਮਿਲਣ ਤੋਂ ਥੋੜ੍ਹੀ ਦੇਰ ਬਾਅਦ ਹੀ ਲਖੀਮਪੁਰ ਦੀ ਅਦਾਲਤ ਨੇ ਉਨ੍ਹਾਂ ਨੂੰ ਵਾਰੰਟ ਜਾਰੀ ਕਰ ਦਿੱਤੇ ਹਨ। ਏਐੱਸਪੀ ਅਰੁਨ ਕੁਮਾਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਖੀਰੀ ਵਿੱਚ ਵਧੀਕ ਮੁੱਖ ਜੁਡੀਸ਼ੀਅਲ ਮੈਜਿਸਟਰੇਟ ਮੁਹੰਮਦੀ ਦੀ ਅਦਾਲਤ ਨੇ ਮੁਹੰਮਦ ਜ਼ੁਬੈਰ ਖ਼ਿਲਾਫ਼ ਵਾਰੰਟ ਜਾਰੀ ਕੀਤਾ ਸੀ, ਜਿਹੜਾ ਖੀਰੀ ਪੁਲੀਸ ਨੇ ਤਾਮੀਲ ਕਰਵਾ ਦਿੱਤਾ। ਮੁਹੰਮਦੀ ਦੇ ਥਾਣਾ ਇੰਚਾਰਜ ਅੰਬਰ ਸਿੰਘ ਨੇ ਕਿਹਾ ਕਿ ਮੁਹੰਮਦ ਜ਼ੁਬੈਰ ਖ਼ਿਲਾਫ਼ ਇੱਕ ਨਿੱਜੀ ਨਿਊਜ਼ ਚੈਨਲ ਦੇ ਪੱਤਰਕਾਰ ਅਸ਼ੀਸ਼ ਕਟਿਆਰ ਨੇ 25 ਨਵੰਬਰ 2021 ਨੂੰ ਖੀਰੀ ਅਦਾਲਤ ਦੇ ਹੁਕਮ ਨਾਲ ਕੇਸ ਦਰਜ ਕਰਵਾਇਆ ਸੀ। ਉਨ੍ਹਾਂ ਦੱਸਿਆ ਕਿ ਕਟਿਆਰ ਨੇ ਆਪਣੀ ਸ਼ਿਕਾਇਤ ਵਿੱਚ ਜ਼ੁਬੈਰ ‘ਤੇ ਚੈਨਲ ਬਾਰੇ ਟਵੀਟ ਕਰਕੇ ਲੋਕਾਂ ਨੂੰ ਗੁਮਰਾਹ ਕਰਨ ਦਾ ਦੋਸ਼ ਲਾਇਆ ਸੀ।