ਨਵੀਂ ਦਿੱਲੀ, 9 ਜੁਲਾਈ
ਕੌਮੀ ਪਾਤਰਤਾ ਪ੍ਰੀਖਿਆ (ਐੱਨਈਟੀ/ਨੈੱਟ) ਦੇ ਪਹਿਲੇ ਦਿਨ ਦੇਸ਼ ਭਰ ਵਿੱਚ ਕਈ ਪ੍ਰੀਖਿਆ ਕੇਂਦਰਾਂ ‘ਤੇ ਤਕਨੀਕੀ ਗੜਬੜੀ ਦੀ ਸੂਚਨਾ ਮਿਲੀ ਹੈ ਅਤੇ ਪ੍ਰੀਖਿਆਰਥੀਆਂ ਨੇ ਸੋਸ਼ਲ ਮੀਡੀਆ ‘ਤੇ ਆਪਬੀਤੀ ਬਿਆਨ ਕੀਤੀ ਹੈ। ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀੲੇ) ਦੇ ਅਧਿਕਾਰੀਆਂ ਮੁਤਾਬਕ ਜਿਨ੍ਹਾਂ ਕੇਂਦਰਾਂ ‘ਤੇ ਸਰਵਰ ਦੀ ਸਮੱਸਿਆ ਆਈ ਹੈ ਉਥੇ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਇੱਕ ਹੋਰ ਮੌਕਾ ਦਿੱਤਾ ਜਾਵੇਗਾ। ਇੱਕ ਵਿਦਿਆਰਥੀ ਕੇ. ਮਿਸ਼ਰਾ ਨੇ ਟਵੀਟ ਕਰਕੇ ਦੱਸਿਆ ਕਿ ਸਰਵਰ ਦੀ ਸਮੱਸਿਆ ਕਾਰਨ ਉਨ੍ਹਾਂ ਦੀ ਪ੍ਰੀਖਿਆ ਦੋ ਘੰਟੇ ਲੇਟ ਸ਼ੁਰੂ ਹੋਈ। ਇੱਕ ਹੋਰ ਵਿਦਿਆਰਥੀ ਅਰਹਮ ਅਲੀ ਖ਼ਾਨ ਨੇ ਟਵੀਟ ‘ਚ ਕਿਹਾ, ”ਯੂਜੀਸੀ ਦੀ ਅੱਜ ਹੋਣ ਵਾਲੀ ਨੈੱਟ/ਜੇਆਰਐਫ ਪ੍ਰੀਖਿਆ ਸਰਵਰ ਦੀ ਸਮੱਸਿਆ ਕਾਰਨ ਨਹੀਂ ਹੋ ਸਕੀ। ਪ੍ਰੀਖਿਆਰਥੀ ਨੋਇਡਾ ਦੇ ਸੈਕਟਰ 62 ਵਿੱਚ ਜੇਸੀਸੀ ਇੰਸਟੀਚਿਊਟ ਵਿੱਚ ਤਿੰਨ ਘੰਟੇ ਉਡੀਕ ਕਰਨ ਮਗਰੋਂ ਵਾਪਸ ਚਲੇ ਗਏ। ਇਹ ਪ੍ਰੀਖਿਆ ਮੁੜ ਕਦੋਂ ਹੋਵੇਗੀ?” ਉੜੀਸਾ, ਬਿਹਾਰ, ਉੱਤਰ ਪ੍ਰਦੇਸ਼, ਤਿਲੰਗਾਨ ਅਤੇ ਆਂਧਰਾ ਪ੍ਰਦੇਸ਼ ਆਦਿ ਸੂਬਿਆਂ ਵਿੱਚੋਂ ਅਜਿਹੀਆਂ ਸ਼ਿਕਾਇਤਾਂ ਮਿਲੀਆਂ ਹਨ। ਐੱਨਟੀਏ ਅਧਿਕਾਰੀਆਂ ਨੇ ਕਿਹਾ ਕਿ ਉਹ ਸਮੱਸਿਆ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ ਅਤੇ ਜਿਨ੍ਹਾਂ ਪ੍ਰੀਖਿਆ ਕੇਂਦਰਾਂ ‘ਚ ਸਮੱਸਿਆ ਆਈ ਹੈ ਉਨ੍ਹਾਂ ਕੇਂਦਰਾਂ ਦੇ ਪ੍ਰੀਖਿਆਰਥੀਆਂ ਨੂੰ ਦੁਬਾਰਾ ਪ੍ਰੀਖਿਆ ਦਾ ਮੌਕਾ ਮਿਲੇਗਾ।