ਮੁੰਬਈ: ਪੰਜਾਬੀ ਫ਼ਿਲਮਾਂ ਦੀ ਅਦਾਕਾਰਾ ਸਰਗੁਣ ਮਹਿਤਾ ਜਲਦੀ ਹੀ ਬੌਲੀਵੁੱਡ ਵਿਚ ਪੈਰ ਧਰਨ ਜਾ ਰਹੀ ਹੈ। ਉਹ ਅਕਸ਼ੈ ਕੁਮਾਰ ਨਾਲ ਫ਼ਿਲਮ ‘ਮਿਸ਼ਨ ਸਿੰਡਰੇਲਾ’ ਵਿਚ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਉਸ ਦੀ ਆਪਣੀ ਪੰਜਾਬੀ ਫਿਲਮ ‘ਸੌਂਕਣ ਸੌਂਕਣੇ’ ਵੀ ਕਾਫੀ ਮਕਬੂਲ ਰਹੀ ਸੀ। ਉਹ ਦੱਸਦੀ ਹੈ ਕਿ ਜਦੋਂ ਨਵੀਂ ਭਾਸ਼ਾ ਵਿੱਚ ਕੰਮ ਕਰਨਾ ਹੋਵੇ ਤਾਂ ਸਹੀ ਕਿਰਦਾਰ ਦਾ ਇੰਤਜ਼ਾਰ ਕਰਨਾ ਬਹੁਤ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਇਥੇ ਦਰਸ਼ਕ ਵੀ ਨਵੇਂ ਹੁੰਦੇੇ ਹਨ ਤੇ ਉਨ੍ਹਾਂ ਦਾ ਤੁਹਾਡੇ ਪ੍ਰਤੀ ਨਜ਼ਰੀਆ ਵੀ ਵੱਖਰਾ ਹੁੰਦਾ ਹੈ। ਸਰਗੁਣ ਨੇ ਕਿਹਾ ਕਿ ਪੰਜਾਬੀ ਫ਼ਿਲਮ ਸਨਅਤ ਨਾਲੋਂ ਬੌਲੀਵੁੱਡ ਕਾਫੀ ਵੱਖਰਾ ਹੈ। ਪੰਜਾਬੀ ਫ਼ਿਲਮ ਸਨਅਤ ਨੇ ਹਾਲੇ ਵਿਕਾਸ ਕਰਨਾ ਹੈ ਪਰ ਬੌਲੀਵੁੱਡ ਵਿਕਸਿਤ ਹੋ ਚੁੱਕਿਆ ਹੈ ਜਿਸ ਵਿੱਚ ਕੰਮ ਕਰਨ ਦਾ ਵੱਖਰਾ ਤਜਰਬਾ ਹੈ ਪਰ ਬੌਲੀਵੁੱਡ ਵਿਚ ਸਥਾਪਤ ਹੋਣ ਲਈ ਕਈ ਔਖੇ ਪੈਂਡਿਆਂ ਵਿਚੋਂ ਲੰਘਣਾ ਪੈਂਦਾ ਹੈ। ਜਦੋਂ ਉਸ ਨੂੰ ਬੌਲੀਵੁੱਡ ਦੀ ਪਹਿਲੀ ਫਿਲਮ ਵਿਚ ਕੰਮ ਕਰਨ ਦਾ ਸੱਦਾ ਮਿਲਿਆ ਤਾਂ ਉਹ ਕਾਫੀ ਚਿੰਤਤ ਸੀ ਪਰ ਨਾਲ ਹੀ ਬਹੁਤ ਖੁਸ਼ ਵੀ ਸੀ ਕਿਉਂਕਿ ਇਹ ਫਿਲਮ ਅਕਸ਼ੈ ਕੁਮਾਰ ਨਾਲ ਕਰਨੀ ਸੀ। -ਆਈਏਐੱਨਐੱਸ