ਕੋਇੰਬਟੂਰ, 12 ਅਗਸਤ
ਬੰਗਲੌਰ ਤੋਂ ਮਾਲਦੀਵਜ਼ ਦੀ ਰਾਜਧਾਨੀ ਮਾਲੇ ਜਾ ਰਹੇ ਗੋ ਫਸਟ ਏਅਰਲਾਈਨ ਦੇ ਜਹਾਜ਼ ਵਿੱਚ ਚਿਤਾਵਨੀ ਅਲਾਰਮ ਵੱਜਣ ਮਗਰੋਂ ਇਸ ਨੂੰ ਕੋਇੰਬਟੂਰ ਹਵਾਈ ਅੱਡੇ ‘ਤੇ ਹੰਗਾਮੀ ਹਾਲਤ ਵਿੱਚ ਉਤਾਰਿਆ ਗਿਆ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਇੰਜਣ ਵੱਧ ਗਰਮ ਹੋਣ ਸਬੰਧੀ ਅਲਾਰਮ ਵੱਜਣ ਮਗਰੋਂ ਜਹਾਜ਼ ਨੂੰ ਫੌਰੀ ਉਤਾਰਿਆ ਗਿਆ। ਹਵਾਈ ਅੱਡੇ ਦੇ ਅਧਿਕਾਰੀਆਂ ਮੁਤਾਬਕ, ”ਏਅਰਬੱਸ 320 ਨੂੰ ਕੋਇੰਬਟੂਰ ਕੌਮਾਂਤਰੀ ਹਵਾਈ ਅੱਡੇ ‘ਤੇ ਦੁਪਹਿਰ ਲਗਪਗ 12 ਵਜੇ ਉਤਾਰਿਆ ਗਿਆ। ਜਹਾਜ਼ ਦੇ ਦੋਵੇਂ ਇੰਜਣ ਕਥਿਤ ਵੱਧ ਗਰਮ ਹੋਣ ਮਗਰੋਂ ਅਲਾਰਮ ਵੱਜ ਗਿਆ ਅਤੇ ਉਡਾਣ ਨੂੰ ਸੁਰੱਖਿਅਤ ਉਤਾਰਿਆ ਗਿਆ। ਇੰਜਨੀਅਰਾਂ ਨੇ ਇੰਜਣਾਂ ਦੀ ਜਾਂਚ ਕੀਤੀ। ਉਨ੍ਹਾਂ ਕਿਹਾ ਕਿ ਅਲਾਰਮ ਵਿੱਚ ਕੁੱਝ ਨੁਕਸ ਹੈ ਅਤੇ ਜਹਾਜ਼ ਉਡਾਣ ਭਰਨ ਲਈ ਫਿੱਟ ਹੈ।” ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਵਿੱਚ 92 ਯਾਤਰੀ ਸਵਾਰ ਸਨ।