ਬਲਜਿੰਦਰ ਜੌੜਕੀਆਂ
ਜ਼ਿੰਦਗੀ ਅਨਮੋਲ ਹੈ। ਖੁਸ਼ਗਵਾਰ ਜੀਵਨ ਲਈ ਖਾਕਾ ਤਿਆਰ ਕਰਕੇ ਲਾਗੂ ਕਰਨਾ ਅਤੀ ਜ਼ਰੂਰੀ ਹੈ। ਤੁਸੀਂ ਆਪਣੀ ਜ਼ਿੰਦਗੀ ਦੇ ਨਿੱਜੀ ਪਲਾਂ ਨੂੰ ਨਿੱਜੀ ਰੱਖਦੇ ਹੋ? ਸੂਚਨਾ ਤਕਨੀਕ ਦੇ ਪਸਾਰੇ ਕਰਕੇ ਇਸ ਦਾ ਉੱਤਰ ਨਾਂਹ ਵਿੱਚ ਹੀ ਹੋਵੇਗਾ। ਅੱਜਕੱਲ੍ਹ ਨਕਲੀ ਤੇ ਫੋਕੀ ਡਿਜ਼ੀਟਲ ਜ਼ਿੰਦਗੀ ਦੀ ਨੁਮਾਇਸ਼ ਲੋਕਾਂ ਨੂੰ ਵਿਖਾਉਣ ਦੇ ਨਾਲ-ਨਾਲ ਮਚਾਉਣ ਲਈ ਵੀ ਕੀਤੀ ਜਾਂਦੀ ਹੈ। ਪਹਾੜ, ਟਿੱਬੇ, ਸਾਗਰ, ਝੀਲਾਂ ਆਦਿ ਵੇਖਦੇ ਕੁਦਰਤ ਦਾ ਆਨੰਦ ਘੱਟ ਲੈਂਦੇ ਹਾਂ, ਪਰ ਫਟਾ-ਫਟ ਤਸਵੀਰਾਂ ਖਿੱਚਦੇ ਹੋਏ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਨਾ ਨਹੀਂ ਭੁੱਲਦੇ ਤਾਂ ਜੋ ਬੱਲੇ-ਬੱਲੇ ਹੋ ਸਕੇ।
ਅਸੀਂ ਅੰਦਰਲਾ ਸਕੂਨ ਲੱਭਣ ਦੀ ਬਜਾਇ ਬਾਹਰੀ ਖੁਸ਼ੀਆਂ ਦੇ ਗੁਲਾਮ ਹੋ ਕੇ ਰਹਿ ਗਏ ਹਾਂ। ਹਰ ਸਮੇਂ ਲੋਕਾਂ ਤੋਂ ਧਿਆਨ ਦੀ ਤਵੱਕੋਂ ਕਰਦੇ ਹਾਂ, ਪਰ ਭੁੱਲ ਜਾਂਦੇ ਹਾਂ ਕਿ ਦੁਨੀਆ ਦੋ ਧਾਰੀ ਤਲਵਾਰ ਹੈ ਭਾਵ ਤੁਸੀਂ ਕਿਸ ਪਾਸੇ ਵੀ ਡਿੱਗੋ, ਕੱਟੇ ਹੀ ਜਾਵੋਗੇ। ਕੇਵਲ ਆਪਣਿਆਂ ਲਈ ਹੀ ਸਾਡੀ ਜ਼ਿੰਦਗੀ ਦੇ ਖ਼ਾਸ ਪਲ ਹੁੰਦੇ ਹਨ, ਪਰ ਜਦੋਂ ਅਸੀਂ ਇਨ੍ਹਾਂ ਪਲਾਂ ਨੂੰ ਆਮ ਲੋਕਾਂ ਵਿੱਚ ਵੰਡ ਦਿੰਦੇ ਹਾਂ, ਹਰ ਕਿਸੇ ਨਾਲ ਸ਼ੇਅਰ ਕਰ ਦਿੰਦੇ ਹਾਂ ਤਾਂ ਇਨ੍ਹਾਂ ਦਾ ਰਸ ਹੀ ਨਹੀਂ ਘਟਦਾ ਸਗੋਂ ਇਹ ਬਿਲਕੁਲ ਫਿੱਕੇ ਹੋ ਜਾਂਦੇ ਹਨ। ਕੰਮ-ਕਾਰ ਕਰਦਿਆਂ ਸਾਨੂੰ ਤਰ੍ਹਾਂ-ਤਰ੍ਹਾਂ ਦੇ ਲੋਕ ਮਿਲਦੇ ਹਨ ਅਤੇ ਉਨ੍ਹਾਂ ਸਭ ਨਾਲ ਸਾਡੀ ਜਜ਼ਬਾਤੀ ਸਾਂਝ ਨਹੀਂ ਹੋ ਸਕਦੀ। ‘ਜਿਸ ਨੇ ਲਾਈ ਗੱਲੀਂ ਉਸ ਨਾਲ ਉੱਠ ਚੱਲੀ’ ਵਾਲੇ ਲੋਕ ਗਲੀਆਂ ਵਿੱਚ ਉੱਡੇ ਫਿਰਦੇ ਲਿਫ਼ਾਫ਼ੇ ਬਣ ਕੇ ਰਹਿ ਜਾਂਦੇ ਹਨ। ਹਰ ਇੱਕ ਰਿਸ਼ਤਾ ਵਿਸ਼ਵਾਸਪਾਤਰ ਨਹੀਂ ਹੋ ਸਕਦਾ। ਸਾਡੀ ਨਿੱਜੀ ਜ਼ਿੰਦਗੀ ਵਿੱਚ ਬੜੀ ਉਥਲ-ਪੁਥਲ ਚੱਲਦੀ ਰਹਿੰਦੀ ਹੈ। ਜੇਕਰ ਤੁਸੀਂ ਹਰ ਕਿਸੇ ਕੋਲ ਆਪਣੀਆਂ ਤਕਲੀਫ਼ਾਂ ਦੀ ਸੇਲ ਲਾਉਂਦੇ ਰਹੋਗੇ ਤਾਂ ਤੁਹਾਡਾ ਦਰਦ ਘਟਣ ਦੀ ਬਜਾਇ ਵਧੇਗਾ। ਕਿਸ ਨਾਲ ਕੀ ਸਾਂਝਾ ਕਰਨਾ ਹੈ, ਬਹੁਤ ਹੀ ਸਮਝਦਾਰੀ ਦੀ ਮੰਗ ਕਰਦਾ ਹੈ ਅਤੇ ਇਹ ਸਮਝ ਕਿਤਾਬਾਂ ਵਿੱਚੋਂ ਨਹੀਂ ਸਗੋਂ ਲੋਕਾਂ ਨਾਲ ਵਾਹ ਪੈਣ ਤੋਂ ਬਾਅਦ ਮਿਲਦੀ ਹੈ। ਇਸ ਲਈ ਘਰਾਂ ਦੀ ਚਾਰਦੀਵਾਰੀ ਵਿੱਚ ਕੈਦ ਬੱਚਿਆਂ ਦੇ ਮਾਨਸਿਕ ਕੱਦ ਬੌਣੇ ਰਹਿ ਜਾਂਦੇ ਹਨ।
ਦੁਨੀਆਦਾਰੀ ਸਮਝਣ ਲਈ ਸਰਗਰਮ ਪਾਤਰ
ਬਣ ਕੇ ਸਮਾਜ ਨਾਲ ਵਿਚਰਦੇ ਰਹੋ, ਪਰ ਇੱਕ
ਹੱਦ ਜ਼ਰੂਰ ਰੱਖੋ। ਸੀਮਾ ਤੋਂ ਬਾਹਰ ਜਾਣ ਨਾਲ
ਜਿੱਥੇ ਸਾਡੀ ਮਹੱਤਤਾ ਘਟਦੀ ਹੈ, ਉੱਥੇ ਕਈ ਵਾਰ ਸਾਡੇ ਵੱਡੇ ਜਜ਼ਬਾਤੀ ਨੁਕਸਾਨ ਹੋ ਜਾਂਦੇ ਹਨ। ਸੰਤੁਲਿਤ ਪਹੁੰਚ ਦੀ ਲੋੜ ਹੈ ਕਿਉਂਕਿ ਜ਼ਿਆਦਾ ਖਾਧਾ ਦੇਸੀ ਘਿਉ ਵੀ ਨੁਕਸਾਨ ਕਰਦਾ ਹੈ। ਥੋੜ੍ਹੇ ਲਫਜ਼ਾਂ ਵਿੱਚ ਸੀਮਤ ਗੱਲ ਕਰੋ। ਸੁਭਾਅ ਵਿੱਚ ਸੰਤੁਲਨ ਰੱਖੋ। ਜਿੱਤ ਬਾਹੂਬਲਾਂ ਨੂੰ ਨਹੀਂ ਸਗੋਂ ਲਗਾਤਾਰਤਾ ਬਣਾਈ ਰੱਖਣ ਵਾਲਿਆਂ ਨੂੰ ਮਿਲਦੀ ਹੈ, ਵਰਨਾ ਸਰਕੜੇ ਦੀ ਅੱਗ ਵਾਂਗ ਇਕਦਮ ਲਾਟ ਬਣਨ ਵਾਲੇ ਸਕਿੰਟਾਂ ਵਿੱਚ ਹੀ ਠੁੱਸ ਹੋ ਜਾਂਦੇ ਹਨ।
ਹਰ ਇੱਕ ਦੇ ਹੱਥ ਸਮਾਰਟ ਫੋਨ ਹੋਣ ਕਰਕੇ ਦੁਨੀਆ ਇੱਕ ਬਿੰਦੂ ‘ਤੇ ਸਿਮਟ ਗਈ ਹੈ। ਮਿੰਟ-ਮਿੰਟ ਦੀ ਜਾਣਕਾਰੀ ਰੱਖਣਾ ਮਾਨਸਿਕ ਰੋਗ ਹੈ। ਪਹਿਲਾਂ ਚਿੱਠੀਆਂ ਹੁੰਦੀਆਂ ਸਨ, ਰੇਡੀਓ ਦੀਆਂ ਖ਼ਬਰਾਂ ਸਨ, ਪਰ ਅੱਜਕੱਲ੍ਹ ਹਜ਼ਾਰਾਂ ਚੈਨਲ ਹਨ ਤੇ ਯੂ-ਟਿਊਬਰਾਂ ਦੀ ਕਾਂ-ਕਾਂ ਹੈ। ਕੁਝ ਲੋਕਾਂ ਵਿੱਚ ਵਿਖਾਵੇ ਦੀ ਹੋੜ ਇਸ ਕਦਰ ਭਾਰੂ ਹੈ ਕਿ ਉਹ ਆਪਣੇ ਜੀਵਨ ਦੇ ਇੱਕ-ਇੱਕ ਪਲ ਨੂੰ ਪ੍ਰਸਾਰਿਤ ਕਰਦੇ ਰਹਿੰਦੇ ਹਨ। ਆਮ ਤੌਰ ‘ਤੇ ਦੁਨੀਆ ਨੂੰ ਇਹ ਦੱਸਣ ਦਾ ਉਨ੍ਹਾਂ ਦਾ ਤਰੀਕਾ ਹੁੰਦਾ ਹੈ ਕਿ ਉਹ ਜ਼ਿੰਦਗੀ ਵਿੱਚ ਕੀ ਕਰ ਰਹੇ ਹਨ, ਉਹ ਕਿਵੇਂ ਵਧੀਆ ਕੰਮ ਕਰ ਰਹੇ ਹਨ, ਉਨ੍ਹਾਂ ਦੇ ਰਿਸ਼ਤੇ ਕਿੰਨੇ ਸਜੀਵ ਤੇ ਸੁਹਾਵਣੇ ਹਨ। ਨਿੱਕੀਆਂ-ਨਿੱਕੀਆਂ ਪ੍ਰਾਪਤੀਆਂ ਦੀ ਮੁਨਿਆਦੀ ਕਰਦੇ ਰਹਿੰਦੇ ਹਨ, ਜਿਸ ਨਾਲ ਉਹ ਵੱਡੀਆਂ ਮੱਲਾਂ ਮਾਰਨ ਤੋਂ ਖੁੰਝ ਜਾਂਦੇ ਹਨ। ਅਸਲ ਵਿੱਚ ਸਾਨੂੰ ਲੋਕਾਂ ਨੂੰ ਦੱਸਣ ਦੀ ਲੋੜ ਨਹੀਂ ਹੁੰਦੀ ਕਿ ਅਸੀਂ ਕਿੰਨੇ ਸਫਲ ਜਾਂ ਖੁਸ਼ ਹਾਂ ਬਲਕਿ ਇਹ ਖੁਸ਼ਬੋ ਲੋਕਾਂ ਕੋਲ ਆਪਣੇ ਆਪ ਜਾਣੀ ਚਾਹੀਦੀ ਹੈ। ਵੈਸੇ ਵੀ
ਡੀਂਗਾਂ ਮਾਰਨ ਵਾਲਿਆਂ ਦੀ ਪਿੱਠ ਪਿੱਛੇ ਲੋਕ ਜੋ ਪੋਸਟਮਾਰਟਮ ਕਰਦੇ ਹਨ, ਬਹੁਤ ਹੀ ਰੌਚਿਕ ਹੁੰਦਾ ਹੈ। ਚੁੱਪਚਾਪ ਮਿਹਨਤ ਕਰੋੋ, ਸ਼ੋਰ ਤਾਂ ਸਫਲਤਾ ਆਪ ਹੀ ਮਚਾ ਦਿੰਦੀ ਹੈ।
ਆਪਣਿਆਂ ਦੀ ਪਛਾਣ ਹੋਣੀ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਹੀ ਸਾਨੂੰ ਵਧਾਈਆਂ ਦੇਣ ਦੇ ਨਾਲ ਨਾਲ ਸਾਡੀਆਂ ਕਮੀਆਂ ਪੇਸ਼ੀਆਂ ਵੀ ਦੱਸਣੀਆਂ ਹੁੰਦੀਆਂ ਹਨ। ਹਰ ਕਿਸੇ ਕੋਲ ਆਪਣੀ ਪਟਾਰੀ ਨਾ ਖੋਲ੍ਹੋ ਕਿਉਂਕਿ ਅਸਲੀਅਤ ਇਹ ਹੈ ਕਿ ਪਰਿਵਾਰ ਅਤੇ ਅਸਲ ਦੋਸਤਾਂ ਤੋਂ ਇਲਾਵਾ ਕੋਈ ਵੀ ਤੁਹਾਡੀ ਜ਼ਿੰਦਗੀ ਬਾਰੇ ਨਹੀਂ ਜਾਣਨਾ ਚਾਹੁੰਦਾ। ਸਾਨੂੰ ਵੀ ਈਰਖਾ ਵੱਸ ਕਿਸੇ ਬਾਰੇ ਅਣਉਚਿਤ ਟਿੱਪਣੀਆਂ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਗੱਲਾਂ ਅਕਸਰ ਦੇਰ-ਸਵੇਰ ਪਾਸ ਹੋ ਹੀ ਜਾਂਦੀਆਂ ਹਨ ਤੇ ਕੰਨ ਅਤੇ ਜੀਭ ਰਸ ਦੇ ਸੁਆਦ ਦਾ ਮੁੱਲ ਅੰਤ ਨੂੰ ਚੁਕਾਉਣਾ ਹੀ ਪੈਂਦਾ ਹੈ। ਕੰਡੇ ਦਾ ਦਰਦ ਚਲਾ ਜਾਂਦਾ ਹੈ, ਪਰ ਕਿਸੇ ਨੂੰ ਬੁਰਾ ਕਹਿਣ ਦੀ ਚੋਭ ਸਾਰੀ ਉਮਰ ਰਹਿੰਦੀ ਹੈ। ਕਿਸੇ ਦੇ ਜੀਵਨ ਨਾਲ ਸਬੰਧਿਤ ਨਿੱਜੀ ਮਾਮਲਿਆਂ ਨੂੰ ਪ੍ਰਸਾਰਿਤ ਕਰਕੇ ਫੋਕੀ ਵਾਹ-ਵਾਹ ਖੱਟਣ ਦੇ ਕਈ ਵਾਰ ਬੜੇ ਖਤਰਨਾਕ ਨਤੀਜੇ ਭੁਗਤਣੇ ਪੈਂਦੇ ਹਨ। ਜ਼ਿੰਦਗੀ ਦੇ ਪਲਾਂ ਦਾ ਆਨੰਦ ਲਓ, ਕੁਝ ਅਜਿਹਾ ਸਾਂਝਾ ਕਰੋ ਜੋ ਦੂਜਿਆਂ ਨੂੰ ਪ੍ਰੇਰਿਤ ਕਰ ਸਕੇ।
ਸੰਪਰਕ: 94630-24575