ਹਰਾਰੇ, 18 ਅਗਸਤ
ਭਾਰਤ ਤੇ ਜ਼ਿੰਬਾਬਵੇ ਵਿਚਾਲੇ ਅੱਜ ਇਥੇ ਹਰਾਰੇ ਸਪੋਰਟਸ ਕਲੱਬ ਵਿੱਚ ਖੇਡੇ ਗਏ ਪਹਿਲੇ ਇਕ ਰੋਜ਼ਾ ਮੈਚ ਵਿੱਚ ਭਾਰਤ ਨੇ ਮੇਜ਼ਬਾਨ ਟੀਮ ਨੂੰ 10 ਵਿਕਟਾਂ ਨਾਲ ਮਾਤ ਦਿੱਤੀ। ਟੀਮ ਇੰਡੀਆ ਦੇ ਉਪ ਕਪਤਾਨ ਸ਼ਿਖਰ ਧਵਨ ਤੇ ਸਲਾਮੀ ਬੱਲੇਬਾਜ਼ ਸ਼ੁਭਮ ਗਿੱਲ ਨੇ ਨਾਬਾਦ ਅਰਧ ਸੈਂਕੜਿਆਂ ਦੀ ਪਾਰੀ ਖੇਡੀ। ਭਾਰਤੀ ਗੇਂਦਬਾਜ਼ਾਂ ਅਕਸ਼ਰ ਪਟੇਲ, ਦੀਪਕ ਚਾਹਰ ਤੇ ਪ੍ਰਸਿੱਧ ਕ੍ਰਿਸ਼ਨਾ ਨੇ ਤਿੰਨ-ਤਿੰਨ ਵਿਕਟਾਂ ਲਈਆਂ ਤੇ ਜ਼ਿੰਬਾਬਵੇ ਦੀ ਟੀਮ ਨੂੰ 40.3 ਓਵਰਾਂ ਵਿੱਚ 189 ਦੌੜਾਂ ‘ਤੇ ਆਲ-ਆਊਟ ਕਰ ਦਿੱਤਾ। ਭਾਰਤ ਨੇ 30.5 ਓਵਰਾਂ ਵਿੱਚ ਬਿਨਾਂ ਕੋਈ ਵਿਕਟ ਗੁਆਏ 192 ਦੌੜਾਂ ਬਣਾਈਆਂ ਤੇ ਮੈਚ ਜਿੱਤ ਲਿਆ। ਸ਼ੁਭਮ ਗਿੱਲ ਨੇ 82 ਦੌੜਾਂ ਬਣਾਈਆਂ ਤੇ 10 ਚੌਕੇ ਤੇ ਇਕ ਛੱਕਾ ਜੜਿਆ। ਇਸੇ ਤਰ੍ਹਾਂ ਸ਼ਿਖਰ ਧਵਨ ਨੇ 81 ਦੌੜਾਂ ਬਣਾਈਆਂ ਤੇ ਪਾਰੀ ਦੌਰਾਨ 9 ਚੌਕੇ ਜੜੇ। ਇਸ ਪਾਰੀ ਦੌਰਾਨ ਸ਼ਿਖਰ ਧਵਨ ਨੂੰ ਉਸ ਵੇਲੇ ਜੀਵਨਦਾਨ ਮਿਲਿਆ ਜਦੋਂ ਸੀਨ ਵਿਲੀਅਮਜ਼ ਦੀ ਗੇਂਦ ‘ਤੇ ਸਕੁਏਅਰ ਲੈੱਗ ‘ਤੇ ਖੜ੍ਹੇ ਬਰੈਡ ਇਵਨਜ਼ ਨੇ ਕੈਚ ਛੱਡ ਦਿੱਤਾ। ਇਸ ਜਿੱਤ ਨਾਲ ਤਿੰਨ ਮੈਂਚਾਂ ਦੀ ਇਸ ਲੜੀ ਵਿੱਚ ਭਾਰਤ ਨੇ 1-0 ਨਾਲ ਲੀਡ ਬਣਾ ਲਈ ਹੈ। -ਪੀਟੀਆਈ