ਕੋਲਕਾਤਾ, 20 ਅਗਸਤ
ਮੈਲਬਰਨ ਵਿੱਚ 1956 ਓਲੰਪਿਕ ਵਿੱਚ ਭਾਰਤੀ ਫੁੱਟਬਾਲ ਟੀਮ ਦੀ ਅਗਵਾਈ ਕਰਨ ਵਾਲੇ ਸਾਬਕਾ ਕਪਤਾਨ ਸਮਰ ‘ਬਦਰੂ’ ਬੈਨਰਜੀ ਦਾ ਦੇਹਾਂਤ ਹੋ ਗਿਆ। ਮੈਲਬਰਨ ‘ਚ ਭਾਤਤੀ ਟੀਮ ਇਤਿਹਾਸਕ ਚੌਥੇ ਸਥਾਨ ‘ਤੇ ਰਹੀ ਸੀ। ਉਨ੍ਹਾਂ ਦਾ ਲੰਬੀ ਬਿਮਾਰੀ ਤੋਂ ਬਾਅਦ ਅੱਜ ਤੜਕੇ ਦੇਹਾਂਤ ਹੋ ਗਿਆ। ਉਹ 92 ਸਾਲ ਦੇ ਸਨ। ਬੈਨਰਜੀ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਨੂੰਹ ਹੈ। ‘ਬਦਰੂ ਦਾ’ ਦੇ ਨਾਂ ਨਾਲ ਜਾਣੇ ਜਾਂਦੇ ਬੈਨਰਜੀ ਕਈ ਬਿਮਾਰੀਆਂ ਤੋਂ ਪੀੜਤ ਸਨ। ਕੋਵਿਡ-19 ਪਾਜ਼ੇਟਿਵ ਹੋਣ ਤੋਂ ਬਾਅਦ ਉਨ੍ਹਾਂ ਨੂੰ 27 ਜੁਲਾਈ ਨੂੰ ਐੱਮਆਰ ਬੰਗੜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਭਾਰਤੀ ਫੁਟਬਾਲ ਟੀਮ ਨੇ ਹੁਣ ਤੱਕ ਤਿੰਨ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ ਹੈ ਅਤੇ ਬੈਨਰਜੀ ਦੀ ਅਗਵਾਈ ਵਾਲੀ 1956 ਦੀ ਟੀਮ ਨੇ ਇਨ੍ਹਾਂ ਖੇਡਾਂ ਵਿੱਚ ਸਰਵੋਤਮ ਪ੍ਰਦਰਸ਼ਨ ਕੀਤਾ ਹੈ। ਭਾਰਤੀ ਟੀਮ ਇਸ ‘ਚ ਬੁਲਗਾਰੀਆ ਤੋਂ 0-3 ਨਾਲ ਹਾਰ ਕੇ ਕਾਂਸੀ ਦੇ ਤਗਮੇ ਦੇ ਪਲੇਆਫ ਵਿੱਚ ਚੌਥੇ ਸਥਾਨ ‘ਤੇ ਰਹੀ। ਇਸ ਦੌਰ ਨੂੰ ਭਾਰਤੀ ਫੁੱਟਬਾਲ ਦਾ ‘ਸੁਨਹਿਰੀ ਯੁੱਗ’ ਮੰਨਿਆ ਜਾਂਦਾ ਹੈ।