ਨਵੀਂ ਦਿੱਲੀ: ਫੁਟਬਾਲ ਖਿਡਾਰੀ ਬਾਇਚੁੰਗ ਭੂਟੀਆ ਨੇ ਅੱਜ ਆਗਾਮੀ ਆਲ ਇੰਡੀਆ ਫੁਟਬਾਲ ਫੈਡਰੇਸ਼ਨ (ਏਆਈਐੱਫਐੱਫ) ਚੋਣਾਂ ‘ਚ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਦਾਖਲ ਕੀਤੀ ਹੈ, ਹਾਲਾਂਕਿ ਸਾਬਕਾ ਖਿਡਾਰੀ ਕਲਿਆਣ ਚੌਬੇ ਇਸ ਅਹੁਦੇ ਦੀ ਦੌੜ ‘ਚ ਸਭ ਤੋਂ ਅੱਗੇ ਹੈ। ਸਾਬਕਾ ਕਪਤਾਨ ਭੂਟੀਆ ਦੇ ਨਾਂ ਦੀ ਤਜਵੀਜ਼ ਉਸ ਦੇ ਸਾਥੀ ਖਿਡਾਰੀ ਦੀਪਕ ਮੰਡਲ ਨੇ ਰੱਖੀ ਅਤੇ ਮਧੂ ਕੁਮਾਰੀ ਨੇ ਇਸ ਦਾ ਸਮਰਥਨ ਕੀਤਾ। ਨਾਮਜ਼ਦਗੀ ਦਾਖਲ ਕਰਨ ਮਗਰੋਂ ਭੂਟੀਆ ਨੇ ਕਿਹਾ, ”ਅਸੀਂ ਇਹ ਦਿਖਾਉਣਾ ਚਾਹੁੰਦੇ ਹਾਂ ਕਿ ਅਸੀਂ ਸਿਰਫ ਚੰਗੇ ਖਿਡਾਰੀ ਹੀ ਨਹੀਂ ਸਗੋਂ ਚੰਗੇ ਪ੍ਰਸ਼ਾਸਕ ਵੀ ਬਣ ਸਕਦੇ ਹਾਂ।” ਇਸ ਤੋਂ ਇਲਾਵਾ ਫੁਟਬਾਲ ਦਿੱਲੀ ਦੇ ਪ੍ਰਧਾਨ ਸ਼ਾਜੀ ਪ੍ਰਭਾਕਰਨ, ਸਾਬਕਾ ਖਿਡਾਰੀ ਯੁਗੇਨਸਨ ਲਿੰਗਦੋਹ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਰਾ ਅਜੀਤ ਬੈਨਰਜੀ ਨੇ ਵੀ ਨਾਮਜ਼ਦਗੀਆਂ ਦਾਖਲ ਕੀਤੀਆਂ ਹਨ। ਲਿੰਗਦੋਹ ਇਸ ਵੇਲੇ ਮੇਘਾਲਿਆ ‘ਚ ਵਿਧਾਇਕ ਹਨ। ਜ਼ਿਕਰਯੋਗ ਹੈ ਕਿ ਚੌਬੇ ਸੱਤਾਧਾਰੀ ਭਾਜਪਾ ਦੇ ਮੈਂਬਰ ਹਨ। ਉਨ੍ਹਾਂ ਦੇ ਨਾਮ ਦੀ ਤਜਵੀਜ਼ ਗੁਜਰਾਤ ਐੱਫਏ ਵੱਲੋਂ ਦਿੱਤੀ ਗਈ ਅਤੇ ਅਤੇ ਅਰੁਣਾਚਲ ਪ੍ਰਦੇਸ਼ ਫੁਟਬਾਲ ਐਸੋਸੀਏਸ਼ਨ ਨੇ ਇਸ ਦਾ ਸਮਰਥਨ ਕੀਤਾ ਹੈ। ਏਆਈਐੱਫਐੱਫ ਕਾਰਜਕਾਰੀ ਕਮੇਟੀ ਦੀ ਚੋਣ 28 ਅਗਸਤ ਨੂੰ ਹੋਣੀ ਹੈ। -ਪੀਟੀਆਈ