ਟੋਕੀਓ, 26 ਅਗਸਤ
ਸਟਾਰ ਭਾਰਤੀ ਪੁਰਸ਼ ਡਬਲਜ਼ ਜੋੜੀ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈਟੀ ਨੇ ਅੱਜ ਇਥੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿੱਚ ਵਿਸ਼ਵ ਦੀ ਦੂਜੇ ਨੰਬਰ ਦੀ ਜਾਪਾਨੀ ਜੋੜੀ ਤਾਕੁਰੋ ਹੋਕੀ ਅਤੇ ਯੁਗੋ ਕੋਬਾਯਾਸ਼ੀ ਨੂੰ ਹਰਾ ਕੇ ਨਵਾਂ ਇਤਿਹਾਸ ਰਚਿਆ। ਇਸ ਮਹੀਨੇ ਦੇ ਸ਼ੁਰੂ ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਵਾਲੀ ਵਿਸ਼ਵ ਦੀ 7ਵੇਂ ਨੰਬਰ ਦੀ ਭਾਰਤੀ ਜੋੜੀ ਨੇ ਖ਼ਿਤਾਬ ਦੀ ਦਾਅਵੇਦਾਰ ਅਤੇ ਪਿਛਲੀ ਚੈਂਪੀਅਨ ਜਾਪਾਨੀ ਜੋੜੀ ਖ਼ਿਲਾਫ਼ ਸ਼ਾਨਦਾਰ ਪ੍ਰਦਸ਼ਨ ਕੀਤਾ। ਭਾਰਤ ਨੇ ਇਹ ਮੁਕਾਬਲਾ ਇਕ ਘੰਟੇ ਤੇ 15 ਮਿੰਟ ਵਿੱਚ 24-22, 15-21, 21-14 ਨਾਲ ਜਿੱਤ ਕੇ ਸੈਮਫਾਈਨਲ ਵਿੱਚ ਥਾਂ ਪੱਕੀ ਕੀਤੀ। ਇਸ ਦੇ ਨਾਲ ਪਹਿਲੀ ਵਾਰ ਵਿਸ਼ਵ ਚੈਂਪੀਅਨਸ਼ਿਪ ‘ਚ ਆਪਣੇ ਲਈ ਤਗਮਾ ਪੱਕਾ ਕੀਤਾ। ਵਿਸ਼ਵ ਚੈਂਪੀਅਨਸ਼ਿਪ ਵਿੱਚ ਡਬਲਜ਼ ਵਿੱਚ ਭਾਰਤ ਦਾ ਇਹ ਦੂਜਾ ਤਮਗਾ ਹੈ। ਇਸ ਤੋਂ ਪਹਿਲਾਂ ਜਵਾਲਾ ਗੁੱਟਾ ਅਤੇ ਅਸ਼ਵਨੀ ਪੋਨੱਪਾ ਦੀ ਜੋੜੀ ਨੇ 2011 ਵਿੱਚ ਮਹਿਲਾ ਡਬਲਜ਼ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ।