ਲਿਸਬਨ, 1 ਸਤੰਬਰ
ਪੁਰਤਗਾਲ ਵਿਚ ਗਰਭਵਤੀ ਭਾਰਤੀ ਔਰਤ ਨੂੰ ਇਕ ਹਸਪਤਾਲ ਤੋਂ ਦੂਜੇ ਹਸਪਤਾਲ ਵਿਚ ਤਬਦੀਲ ਕਰਨ ਸਮੇਂ ਮੌਤ ਹੋਣ ਦੀ ਦੁਖਦਾਈ ਘਟਨਾ ਤੋਂ ਬਾਅਦ ਦੇਸ਼ ਦੀ ਸਿਹਤ ਮੰਤਰੀ ਮਾਰਤਾ ਟੇਮੀਡੋ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਧਿਕਾਰੀਆਂ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਘਟਨਾ ਅਨੁਸਾਰ 34 ਸਾਲਾ ਭਾਰਤੀ ਔਰਤ ਨੂੰ ਐਂਬੂਲੈਂਸ ਵਿੱਚ ਸਾਂਤਾ ਮਾਰੀਆ ਹਸਪਤਾਲ ਤੋਂ ਦੂਜੇ ਹਸਪਤਾਲ ਲਿਜਾਇਆ ਜਾ ਰਿਹਾ ਸੀ, ਜਦੋਂ ਉਸ ਨੂੰ ਦਿਲ ਦਾ ਦੌਰਾ ਪਿਆ।ਸਾਂਤਾ ਮਾਰੀਆ ਹਸਪਤਾਲ ‘ਚ ਨਵਜੰਮੇ ਬੱਚੇ ਦੀ ਦੇਖਭਾਲ ਲਈ ਜਗ੍ਹਾ ਨਹੀਂ ਸੀ, ਜਿਸ ਕਾਰਨ ਉਸ ਨੂੰ ਦੂਜੇ ਹਸਪਤਾਲ ‘ਚ ਲਿਜਾਇਆ ਜਾ ਰਿਹਾ ਸੀ। ਔਰਤ ਦਾ ਤੁਰੰਤ ਅਪਰੇਸ਼ਨ ਕੀਤਾ ਗਿਆ ਤੇ ਉਸ ਨੇ ਤੰਦਰੁਸਤ ਬੱਚੇ ਨੂੰ ਜਨਮ ਦਿੱਤਾ ਪਰ ਉਹ ਆਪਣੇ ਬੱਚੇ ਨੂੰ ਦੇਖ ਨਾ ਸਕੀ। ਮਾਰਤਾ ਦੀ ਕੋਵਿਡ ਦੌਰਾਨ ਨਿਭਾਈ ਭੂਮਿਕਾ ਦੀ ਕਾਫ਼ੀ ਪ੍ਰਸ਼ੰਸਾ ਹੋਈ ਸੀ।