ਨਵੀਂ ਦਿੱਲੀ, 3 ਸਤੰਬਰ
ਸਾਬਕਾ ਭਾਰਤੀ ਕਪਤਾਨ ਬਾਇਚੁੰਗ ਭੂਟੀਆ ਨੇ ਅੱਜ ਕਿਹਾ ਕਿ ਆਲ ਇੰਡੀਆ ਫੁਟਬਾਲ ਫੈਡਰੇਸ਼ਨ (ਏਆਈਐੱਫਐੱਫ) ਦੀਆਂ ਚੋਣਾਂ ਵਿੱਚ ‘ਵੱਡੇ ਪੱਧਰ’ ‘ਤੇ ਹੋਈ ਸਿਆਸੀ ਦਖ਼ਲਅੰਦਾਜ਼ੀ ਤੋਂ ਉਹ ਹੈਰਾਨ ਹੈ, ਜਿਸ ਕਾਰਨ ਨਤੀਜੇ ਉਸ ਦੀ ਆਸ ਮੁਤਾਬਕ ਨਹੀਂ ਆਏ। ਭੂਟੀਆ ਫੁਟਬਾਲ ਫੈਡਰੇਸ਼ਨ ਦੇ ਪ੍ਰਧਾਨ ਲਈ ਹੋਈ ਚੋਣ ਵਿੱਚ ਭਾਜਪਾ ਆਗੂ ਤੇ ਸਾਬਕਾ ਗੋਲਕੀਪਰ ਕਲਿਆਣ ਚੌਬੇ ਤੋਂ ਹਾਰ ਗਿਆ ਸੀ। ਸਾਬਕਾ ਭਾਰਤੀ ਕਪਤਾਨ ਨੇ ਚੌਬੇ ਦੀ ਜਿੱਤ ਵਿੱਚ ਇੱਕ ਕੇਂਦਰੀ ਮੰਤਰੀ ਵੱਲੋਂ ਅਹਿਮ ਭੂਮਿਕਾ ਨਿਭਾਏ ਜਾਣ ਦਾ ਦੋਸ਼ ਲਾਇਆ। ਹਾਲਾਂਕਿ, 45 ਸਾਲਾ ਭੂਟੀਆ ਖ਼ੁਦ ਵੀ ਸਿਆਸਤ ਵਿੱਚ ਰਹਿ ਚੁੱਕੇ ਹਨ। ਉਨ੍ਹਾਂ ਨੇ ਤ੍ਰਿਣਮੂਲ ਕਾਂਗਰਸ ਦੀ ਟਿਕਟ ‘ਤੇ 2014 ਅਤੇ 2016 ਵਿੱਚ ਕ੍ਰਮਵਾਰ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਸਨ, ਪਰ ਉਹ ਸਫਲ ਨਹੀਂ ਹੋ ਸਕੇ। ਫਿਰ ਉਨ੍ਹਾਂ ਨੇ ਆਪਣੇ ਗ੍ਰਹਿ ਸੂਬੇ ਵਿੱਚ ਹਮਰੋ ਸਿੱਕਿਮ ਪਾਰਟੀ ਬਣਾ ਲਈ। ਉਨ੍ਹਾਂ ਕਿਹਾ ਕਿ ਫੁਟਬਾਲ ਫੈਡਰੇਸ਼ਨ ਦੀਆਂ ਚੋਣਾਂ ਬਗ਼ੈਰ ‘ਸਿਆਸੀ ਦਖ਼ਲਅੰਦਾਜ਼ੀ’ ਦੇ ਲੜੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਇਹ ਪੂਰੀ ਤਰ੍ਹਾਂ ਫੁਟਬਾਲ ਮਾਮਲਿਆਂ ‘ਤੇ ਕੇਂਦਰਿਤ ਹੋਣੀਆਂ ਚਾਹੀਦੀਆਂ ਹਨ। -ਪੀਟੀਆਈ