ਹਰਜੀਤ ਸਿੰਘ*
ਜ਼ਿੰਦਗੀ ਵਿੱਚ ਅਸੀਂ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਸੁਣਦੇ ਜਾਂ ਪੜ੍ਹਦੇ ਹਾਂ ਜਿਨ੍ਹਾਂ ‘ਤੇ ਅਸੀਂ ਕਦੇ ਸ਼ੱਕ ਜਾਂ ਕਿੰਤੂ ਨਹੀਂ ਕਰਦੇ ਕਿਉਂਕਿ ਜਾਂ ਤਾਂ ਸਾਨੂੰ ਉਨ੍ਹਾਂ ਵਿੱਚ ਕੁਝ ਵੀ ਗ਼ਲਤ ਮਹਿਸੂਸ ਨਹੀਂ ਹੁੰਦਾ ਜਾਂ ਫਿਰ ਉਹ ਗੱਲ ਸਾਨੂੰ ਏਨੀ ਵਾਰ ਦੱਸੀ ਜਾ ਚੁੱਕੀ ਹੁੰਦੀ ਹੈ ਕਿ ਅਸੀਂ ਉਸ ਨੂੰ ਸਹੀ ਮੰਨ ਲੈਂਦੇ ਹਾਂ| ਇੱਥੇ ਕੁਝ ਅਜਿਹੀਆਂ ਹੀ ਸੱਚਾਈਆਂ ਨੂੰ ਤੱਥਾਂ ਦੀ ਕਸਵੱਟੀ ‘ਤੇ ਪਰਖ ਕੇ ਦੇਖਾਂਗੇ|
ਮਿੱਥ: ਸੂਰਜ ਹਮੇਸ਼ਾਂ ਪੂਰਬ ਦਿਸ਼ਾ ਵਿੱਚ ਚੜ੍ਹਦਾ ਹੈ
ਸੱਚਾਈ: ਅਸਲ ਵਿੱਚ ਤਾਂ ਸੂਰਜ ਕਦੇ ਵੀ ਚੜ੍ਹਦਾ ਜਾਂ ਡੁੱਬਦਾ ਨਹੀਂ| ਧਰਤੀ ਦੇ ਆਪਣੀ ਧੁਰੀ ਦੁਆਲੇ ਘੁੰਮਣ ਕਰਕੇ ਇਹ ਚੜ੍ਹਦਾ ਜਾਂ ਡੁੱਬਦਾ ਪ੍ਰਤੀਤ ਹੁੰਦਾ ਹੈ| ਜੇ ਅਸੀਂ ਇਸ ਗੱਲ ਨੂੰ ਅਣਗੌਲਿਆਂ ਵੀ ਕਰ ਦੇਈਏ ਤਾਂ ਵੀ ਇਹ ਗੱਲ ਵਿੱਚ ਕੋਈ ਸੱਚਾਈ ਨਹੀਂ ਕਿ ਸੂਰਜ ਹਮੇਸ਼ਾਂ ਪੂਰਬ ਦਿਸ਼ਾ ਵਿੱਚ ਹੀ ਚੜ੍ਹਦਾ ਹੈ| ਅਸਲ ਵਿੱਚ ਧਰਤੀ ਦੀ ਧੁਰੀ ਸਿੱਧੀ ਨਾ ਹੋ ਕੇ ਸੂਰਜ ਵੱਲ ਨੂੰ 23.5 ਡਿਗਰੀ ਦੇ ਕੋਣ ‘ਤੇ ਝੁਕੀ ਹੋਈ ਹੈ। ਇਸੇ ਝੁਕਾਅ ਕਰਕੇ ਰੁੱਤਾਂ ਬਣਦੀਆਂ ਹਨ, ਪਰ ਇਸ ਝੁਕਾਅ ਦਾ ਇੱਕ ਅਸਰ ਇਹ ਵੀ ਹੈ ਕਿ ਸੂਰਜ ਹਰ ਰੋਜ਼ ਆਪਣੀ ਥਾਂ ਤੋਂ ਥੋੜ੍ਹਾ ਜਿਹਾ ਹਟਕੇ ਚੜ੍ਹਦਾ ਹੈ| ਜੇਕਰ ਤੁਸੀਂ ਇੱਕ ਸਾਲ ਲਈ ਰੋਜ਼ ਇੱਕੋ ਥਾਂ ‘ਤੇ ਖੜ੍ਹੇ ਹੋ ਕੇ ਚੜ੍ਹਦੇ ਸੂਰਜ ਦੀ ਫੋਟੋ ਖਿੱਚੋਗੇ ਤਾਂ ਉਹ ਅੱਠ ਅੰਕ ਵਰਗਾ ਆਕਾਰ ਬਣਾਏਗਾ| ਇਸ ਨੂੰ ਸੋਲਰ ਐਨਾਲੈਮਾ (Analemma) ਕਹਿੰਦੇ ਹਨ| ਸਾਲ ਵਿੱਚ ਸਿਰਫ਼ ਦੋ ਦਿਨ (20/21 ਮਾਰਚ ਅਤੇ 22/23 ਸਤੰਬਰ) ਹੀ ਸੂਰਜ ਸਹੀ ਪੂਰਬ ਦਿਸ਼ਾ ਵਿੱਚੋਂ ਚੜ੍ਹਦਾ ਹੈ| ਤੁਸੀਂ ਇਹ ਵਰਤਾਰਾ ਕੰਪਾਸ ਨਾਲ ਵੀ ਚੈੱਕ ਕਰ ਸਕਦੇ ਹੋ|
ਮਿੱਥ: ਦੁਪਹਿਰ ਵੇਲੇ ਸੂਰਜ ਬਿਲਕੁਲ ਸਿਰ ਦੇ ਉੱਪਰ ਹੁੰਦਾ ਹੈ
ਸੱਚਾਈ: ਇਸ ਗੱਲ ਵਿੱਚ ਵੀ ਕੋਈ ਸੱਚਾਈ ਨਹੀਂ ਹੈ| ਘੱਟੋ-ਘੱਟ ਪੰਜਾਬ ਵਾਸੀਆਂ ਲਈ ਤਾਂ ਇਹ ਕਦੇ ਵੀ ਸੱਚ ਨਹੀਂ ਹੋ ਸਕਦਾ| ਧਰਤੀ ਦੀ ਧੁਰੀ ਦੇ ਝੁਕਾਅ ਕਰਕੇ ਭੂ-ਮੱਧ ਰੇਖਾ ਤੋਂ 23.5 ਡਿਗਰੀ ਉੱਪਰ ਅਤੇ ਥੱਲੇ ਤੱਕ ਦੇ ਖੇਤਰ ਮਤਲਬ ਕਰਕ ਅਤੇ ਮਕਰ ਰੇਖਾ ਦੇ ਵਿਚਕਾਰ ਦੇ ਖੇਤਰ ‘ਤੇ ਹੀ ਸੂਰਜ ਬਿਲਕੁਲ ਸਿਰ ਉੱਪਰ ਆ ਸਕਦਾ ਹੈ, ਉਹ ਵੀ ਸਿਰਫ਼ ਸਾਲ ਦੇ ਦੋ ਦਿਨ| ਕਰਕ ਰੇਖਾ ‘ਤੇ ਰਹਿਣ ਵਾਲਿਆਂ ਲਈ ਇਹ ਦਿਨ 20/21 ਜੂਨ ਅਤੇ ਮਕਰ ਰੇਖਾ ‘ਤੇ ਰਹਿਣ ਵਾਲਿਆਂ ਲਈ ਇਹ ਦਿਨ 21/22 ਦਸੰਬਰ ਹੁੰਦਾ ਹੈ| ਇਸ ਖੇਤਰ ਤੋਂ ਬਿਨਾਂ ਬਾਕੀ ਧਰਤੀ ‘ਤੇ ਸੂਰਜ ਕਦੇ ਵੀ ਬਿਲਕੁਲ ਸਿਰ ‘ਤੇ ਨਹੀਂ ਆਉਂਦਾ| ਇਸ ਨੂੰ ਚੈੱਕ ਕਰਨ ਲਈ ਇੱਕ ਡੰਡਾ ਮੈਦਾਨ ਵਿੱਚ ਬਿਲਕੁਲ ਸਿੱਧਾ ਖੜ੍ਹਾ ਕਰੋ (ਪਾਰੇ ਵਾਲੇ ਪੈਮਾਨੇ ਦੀ ਮਦਦ ਨਾਲ)| ਤੁਸੀਂ ਦੇਖੋਗੇ ਕਿ ਪੂਰੇ ਦਿਨ ‘ਚ ਕਦੇ ਵੀ ਇਸ ਦੀ ਛਾਂ ਖਤਮ ਨਹੀਂ ਹੁੰਦੀ, ਹਾਲਾਂਕਿ ਜੇ ਸੂਰਜ ਬਿਲਕੁਲ ਸਿਰ ਉੱਤੇ ਹੁੰਦਾ ਤਾਂ ਦਿਨ ਵਿੱਚ ਇੱਕ ਵਾਰ ਇਸ ਦੀ ਛਾਂ ਖਤਮ ਹੋਣੀ ਚਾਹੀਦੀ ਸੀ|
ਮਿੱਥ: ਸੂਰਜ ਦਾ ਰੰਗ ਪੀਲਾ ਹੈ
ਸੱਚਾਈ: ਸੂਰਜ ਦਾ ਅਸਲੀ ਰੰਗ ਚਿੱਟਾ ਹੈ| ਧਰਤੀ ਦਾ ਵਾਤਾਵਰਨ ਇਸ ਦੇ ਪ੍ਰਕਾਸ਼ ਵਿੱਚੋਂ ਨੀਲੇ ਰੰਗ ਨੂੰ ਖਿੰਡਾ ਦਿੰਦਾ ਹੈ ਅਤੇ ਬਾਕੀ ਬਚਿਆ ਰੰਗ ਜੋ ਸਾਡੀਆਂ ਅੱਖਾਂ ਤੱਕ ਪਹੁੰਚਦਾ ਹੈ ਉਹ ਪੀਲੀ ਭਾਹ ਮਾਰਦਾ ਹੈ ਜਿਸ ਕਰਕੇ ਸਾਨੂੰ ਸੂਰਜ ਪੀਲਾ ਲੱਗਦਾ ਹੈ| ਅਸਲ ਵਿੱਚ ਇਹ ਪੀਲਾ ਰੰਗ ਵੀ ਸਾਰਾ ਦਿਨ ਨਹੀਂ ਰਹਿੰਦਾ| ਸਵੇਰ ਅਤੇ ਸ਼ਾਮ ਨੂੰ ਸੂਰਜ ਦੀਆਂ ਕਿਰਨਾਂ ਨੂੰ ਵਾਤਾਵਰਨ ਵਿੱਚੋਂ ਜ਼ਿਆਦਾ ਦੂਰੀ ਤੈਅ ਕਰਕੇ ਆਉਣਾ ਪੈਂਦਾ ਹੈ ਜਿਸ ਕਰਕੇ ਇਹ ਲਾਲ ਜਾਂ ਸੰਤਰੀ ਰੰਗ ਦਾ ਦਿਖਦਾ ਹੈ|
ਮਿੱਥ: ਚੀਨ ਦੀ ਕੰਧ ਪੁਲਾੜ ‘ਚੋਂ ਦਿਸਦੀ ਹੈ
ਸੱਚਾਈ: ਇਹ ਮਿੱਥ ਏਨੀ ਮਸ਼ਹੂਰ ਹੈ ਕਿ ਕਈ ਸਕੂਲੀ ਕਿਤਾਬਾਂ ਵਿੱਚ ਵੀ ਮਿਲਦੀ ਹੈ| ਕੁਝ ਲੋਕ ਤਾਂ ਇੱਥੋਂ ਤੱਕ ਕਹਿ ਦਿੰਦੇ ਹਨ ਕਿ ਇਹ ਕੰਧ ਚੰਨ ਤੋਂ ਵੀ ਦਿਖਦੀ ਹੈ| ਸੱਚਾਈ ਅਸਲ ਵਿੱਚ ਇਹ ਹੈ ਕਿ ਚੀਨ ਦੀ ਕੰਧ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਤੋਂ ਵੀ ਨਹੀਂ ਦਿਖਦੀ ਜੋ ਸਿਰਫ਼ 400 ਕਿਲੋਮੀਟਰ ਉੱਪਰ ਹੈ ਜਦੋਂਕਿ ਚੰਨ ਧਰਤੀ ਤੋਂ 3.85 ਲੱਖ ਕਿਲੋਮੀਟਰ ਦੂਰ ਹੈ| ਇਸ ਮਿੱਥ ਦਾ ਭਾਂਡਾ ਉਦੋਂ ਹੀ ਫੁੱਟ ਗਿਆ ਸੀ ਜਦੋਂ ਚੀਨ ਦੇ ਆਪਣੇ ਪੁਲਾੜ ਯਾਤਰੀ ਯਾਂਗ ਲੀਵੇ ਨੇ ਕਿਹਾ ਕਿ ਉਸ ਨੂੰ ਇਹ ਕੰਧ ਪੁਲਾੜ ਵਿੱਚੋਂ ਨਹੀਂ ਦਿਖੀ|
ਮਿੱਥ: ਆਈਨਸਟਾਈਨ ਹਿਸਾਬ ਵਿੱਚੋਂ ਫੇਲ੍ਹ ਹੋ ਗਿਆ ਸੀ
ਸੱਚਾਈ: ਇਹ ਗੱਲ ਵੀ ਸਹੀ ਨਹੀਂ ਹੈ| ਆਈਨਸਟਾਈਨ ਹਿਸਾਬ ਅਤੇ ਵਿਗਿਆਨ ਵਿੱਚ ਬਹੁਤ ਚੰਗਾ ਸੀ| ਬਾਕੀ ਵਿਸ਼ਿਆਂ ਵਿੱਚ ਵੀ ਉਹ ਬੁਰਾ ਨਹੀਂ ਸੀ, ਪਰ ਦਿਲਚਸਪੀ ਘੱਟ ਲੈਂਦਾ ਸੀ| 26 ਮਾਰਚ 2018 ਨੂੰ ਨੋਬਲ ਇਨਾਮ ਕਮੇਟੀ ਨੇ ਆਈਨਸਟਾਈਨ ਦੇ ਹਾਈ ਸਕੂਲ ਦਾ ਰਿਪੋਰਟ ਕਾਰਡ ਜਨਤਕ ਕਰਦਿਆਂ ਕਿਹਾ “ਇੱਕ ਵਿਆਪਕ ਮਿੱਥ ਦੇ ਉਲਟ, ਅਲਬਰਟ ਆਈਨਸਟਾਈਨ ਹਾਈ ਸਕੂਲ ਵਿੱਚ ਗਣਿਤ ਵਿੱਚ ਚੰਗਾ ਸੀ। ਇਹ ਸਰਟੀਫਿਕੇਟ ਆਈਨਸਟਾਈਨ ਨੂੰ 17 ਸਾਲ ਦੀ ਉਮਰ ਵਿੱਚ ਜਾਰੀ ਕੀਤਾ ਗਿਆ ਸੀ। ਇਹ ਫੋਟੋ ਉਸੇ ਦਿਨ ਲਈ ਗਈ ਸੀ ਜਦੋਂ ਉਸ ਨੇ 1896 ਵਿੱਚ ਆਪਣੇ ਅੰਕ ਪ੍ਰਾਪਤ ਕੀਤੇ ਸਨ।” ਰਿਪੋਰਟ ਕਾਰਡ ਦੇ ਅਨੁਸਾਰ, ਆਈਨਸਟਾਈਨ ਨੇ ਅਲਜਬਰਾ, ਜਿਓਮੈਟਰੀ, ਵਰਣਾਤਮਕ ਜਿਓਮੈਟਰੀ ਅਤੇ ਭੌਤਿਕ ਵਿਗਿਆਨ ਵਿੱਚ 6 ਵਿੱਚੋਂ 6 ਅੰਕ, ਰਸਾਇਣ ਵਿਗਿਆਨ ਵਿੱਚ ਵੀ 5 ਅੰਕ ਅਤੇ ਇਤਿਹਾਸ ਵਿੱਚੋਂ ਵੀ 6 ਅੰਕ ਹਾਸਿਲ ਕੀਤੇ।
ਮਿੱਥ: ਪੁਲਾੜ ਯਾਤਰੀ ਧਰਤੀ ਦੀ ਗੁਰੂਤਾ ਖਿੱਚ ਤੋਂ ਬਾਹਰ ਚਲੇ ਜਾਂਦੇ ਹਨ ਜਿਸ ਕਰਕੇ ਉਨ੍ਹਾਂ ਨੂੰ ਭਾਰ ਮਹਿਸੂਸ ਨਹੀਂ ਹੁੰਦਾ|
ਸੱਚਾਈ: ਇਹ ਗੱਲ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਵਿਚਲੇ ਪੁਲਾੜ ਯਾਤਰੀਆਂ ਨੂੰ ਹਵਾ ਵਿੱਚ ਤੈਰਦੇ ਦੇਖ ਕੇ ਸੱਚੀ ਹੀ ਲੱਗਦੀ ਹੈ| ਪਰ ਇਸ ਗੱਲ ਵਿੱਚ ਕੋਈ ਸੱਚਾਈ ਨਹੀਂ ਹੈ| ਜੇਕਰ ਇਹ ਗੱਲ ਸੱਚ ਹੁੰਦੀ ਤਾਂ ਚੰਨ ਸਾਡੀ ਧਰਤੀ ਦੇ ਦੁਆਲੇ ਨਾ ਘੁੰਮ ਰਿਹਾ ਹੁੰਦਾ| ਗੁਰੂਤਾ ਬਲ ਇੱਕ ਕਮਜ਼ੋਰ ਬਲ ਚਾਹੇ ਹੈ, ਪਰ ਇਹ ਬਹੁਤ ਦੂਰੀ ਤੱਕ ਕੰਮ ਕਰਦਾ ਹੈ| ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਇਸ ਦੀ ਤੀਬਰਤਾ ਧਰਤੀ ਦੀ ਸਤ੍ਵਾ ਉੱਪਰਲੀ ਤੀਬਰਤਾ ਤੋਂ ਸਿਰਫ਼ 13 ਕੁ ਫ਼ੀਸਦੀ ਘੱਟ ਹੈ| ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਉੱਥੇ ਗੁਰੂਤਾ ਬਲ ਹੈ ਤਾਂ ਪੁਲਾੜ ਯਾਤਰੀ ਹਵਾ ਵਿੱਚ ਤੈਰਦੇ ਕਿਉਂ ਨੇ? ਇਸ ਦਾ ਕਾਰਨ ਹੈ ਕਿ ਉਹ ਲਗਾਤਾਰ ਧਰਤੀ ਵੱਲ ਡਿੱਗ ਰਹੇ ਹਨ, ਪਰ ਨਾਲ ਹੀ ਉਨ੍ਹਾਂ ਦੀ ਅੱਗੇ ਵੱਲ ਨੂੰ ਗਤੀ ਇੰਨੀ ਤੇਜ਼ ਹੈ ਕਿ ਉਹ ਧਰਤੀ ‘ਤੇ ਡਿੱਗਣ ਦੀ ਬਜਾਏ ਇਸ ਦੇ ਚੱਕਰ ਲਾਉਣ ਲੱਗਦੇ ਨੇ|
ਮਿੱਥ: ਧਰੂ ਤਾਰਾ ਸਭ ਤੋਂ ਚਮਕੀਲਾ ਤਾਰਾ ਹੈ
ਸੱਚਾਈ: ਇਹ ਸੱਚਾਈ ਦੇ ਨੇੜੇ ਤੇੜੇ ਵੀ ਨਹੀਂ ਹੈ| ਸਭ ਤੋਂ ਚਮਕੀਲੇ ਦੀ ਗੱਲ ਤਾਂ ਛੱਡੋ, ਇਹ 40 ਸਭ ਤੋਂ ਚਮਕੀਲੇ ਤਾਰਿਆਂ ਵਿੱਚੋਂ ਵੀ ਨਹੀਂ ਹੈ| ਖੁਸ਼ਕਿਸਮਤੀ ਨਾਲ ਇਹ 50 ਸਭ ਤੋਂ ਚਮਕੀਲੇ ਤਾਰਿਆਂ ਵਿੱਚ ਆਪਣੀ ਥਾਂ ਬਣਾ ਸਕਿਆ ਹੈ ਅਤੇ ਅਠਤਾਲੀਵੇਂ ਨੰਬਰ ‘ਤੇ ਆਉਂਦਾ ਹੈ| ਇਸ ਦੀ ਨੇੜਲੀ ਖਿੱਤੀ ਸਪਤ ਰਿਸ਼ੀ ਜਾਂ ਮੰਜੀ ਦੇ ਸਾਰੇ ਤਾਰੇ ਧਰੂ ਤਾਰੇ ਤੋਂ ਵੱਧ ਚਮਕੀਲੇ ਹਨ|
ਮਿੱਥ: ਹਨੇਰੀ ਰਾਤ ਵਿੱਚ ਅਸੀਂ ਲੱਖਾਂ ਤਾਰੇ ਦੇਖ ਸਕਦੇ ਹਾਂ
ਸੱਚਾਈ: ਜਦ ਤੱਕ ਤੁਹਾਡੀਆਂ ਅੱਖਾਂ ਦੂਰਬੀਨ ਦੇ ਲੈਂਜ਼ ਜਿੱਡੀਆਂ ਵੱਡੀਆਂ ਨਹੀਂ ਹੋ ਜਾਂਦੀਆਂ, ਚਾਹੇ ਜੋ ਮਰਜ਼ੀ ਹੋਵੇ, ਤੁਸੀਂ 5 ਕੁ ਹਜ਼ਾਰ ਤੋਂ ਵੱਧ ਤਾਰੇ ਨਹੀਂ ਦੇਖ ਸਕਦੇ| ਏਨੇ ਤਾਰੇ ਦੇਖਣ ਲਈ ਵੀ ਤੁਹਾਨੂੰ ਸ਼ਹਿਰ ਦੀਆਂ ਰਾਤ ਦੀਆਂ ਰੌਸ਼ਨੀਆਂ ਤੋਂ ਦੂਰ ਕਿਸੇ ਜਗ੍ਹਾ ‘ਤੇ ਜਾ ਕੇ ਮੱਸਿਆ ਦੀ ਸਾਫ਼ ਰਾਤ ਦਾ ਇੰਤਜ਼ਾਰ ਕਰਨਾ ਪਵੇਗਾ| ਜੇ ਬਦਕਿਸਮਤੀ ਨਾਲ ਉਸ ਦਿਨ ਪੂਰਨਮਾਸ਼ੀ ਹੋਈ ਤਾਂ ਕੁਝ ਸੌ ਤਾਰੇ ਹੀ ਦੇਖ ਸਕੋਗੇ|
ਮਿੱਥ: ਪੂਰਨ ਸੂਰਜ ਗ੍ਰਹਿਣ ਕਦੇ-ਕਦੇ ਹੀ ਲੱਗਦਾ ਹੈ
ਸੱਚਾਈ: ਪੂਰਨ ਸੂਰਜ ਗ੍ਰਹਿਣ ਨੂੰ ਬਹੁਤ ਪ੍ਰਚਾਰਿਆ ਜਾਂਦਾ ਹੈ ਜਿਵੇਂ ਇਹ ਬਹੁਤ ਦੁਰਲੱਭ ਘਟਨਾ ਹੋਵੇ| ਅਸਲ ਵਿੱਚ ਹਰ ਦੋ ਸਾਲਾਂ ਵਿੱਚ ਧਰਤੀ ‘ਤੇ ਕਿਤੇ ਨਾ ਕਿਤੇ ਚੰਨ, ਸੂਰਜ ਸਾਹਮਣਿਓਂ ਲੰਘਦਾ ਹੈ ਅਤੇ ਪੂਰਨ ਸੂਰਜ ਗ੍ਰਹਿਣ ਲਾਉਂਦਾ ਹੈ| ਇੰਨਾ ਜ਼ਰੂਰ ਹੈ ਕਿ ਕਿਸੇ ਇੱਕ ਖਾਸ ਥਾਂ ‘ਤੇ ਪੂਰਨ ਸੂਰਜ ਗ੍ਰਹਿਣ ਲਈ 50 ਸਾਲਾਂ ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ|
ਜਾਂਦੇ-ਜਾਂਦੇ ਕੁਝ ਗੱਲਾਂ ਰੂੰਗੇ ‘ਚ;
* ਚਮਗਿੱਦੜ ਅੰਨ੍ਹੇ ਨਹੀਂ ਹੁੰਦੇ ਬਲਕਿ ਹਨੇਰੇ ਵਿੱਚ ਇਨਸਾਨ ਤੋਂ ਵੀ ਵਧੀਆ ਤਰੀਕੇ ਨਾਲ ਦੇਖ ਸਕਦੇ ਹਨ|
* ਸਾਨ੍ਹ ਲਗਭਗ ਰੰਗ-ਅੰਨ੍ਹੇ ਹੁੰਦੇ ਹਨ ਜਿਸ ਕਰਕੇ ਉਹ ਲਾਲ ਰੰਗ ਨੂੰ ਨਹੀਂ ਦੇਖ ਸਕਦੇ ਅਤੇ ਨਾ ਹੀ ਲਾਲ ਰੰਗ ਨੂੰ ਦੇਖ ਕੇ ਭੜਕਦੇ ਹਨ|
* ਅਸੀਂ ਆਪਣੇ ਦਿਮਾਗ਼ ਦਾ ਸਿਰਫ਼ 10% ਹਿੱਸਾ ਨਹੀਂ ਲਗਭਗ ਸਾਰਾ ਦਿਮਾਗ਼ ਵਰਤਦੇ ਹਾਂ|
*ਵਿਗਿਆਨੀ -ਇਸਰੋ, ਤਿਰੂਵਨੰਤਪੂਰਮ
ਸੰਪਰਕ: 99957-65095