ਪੱਤਰ ਪ੍ਰੇਰਕ
ਡੇਰਾ ਬਾਬਾ ਨਾਨਕ, 5 ਸਤੰਬਰ
ਸਥਾਨਕ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਅੱਜ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ (ਬਲਾਕ ਪੱਧਰੀ ਖੇਡਾਂ) ਦਾ ਉਦਘਾਟਨ ‘ਆਪ’ ਆਗੂ ਗੁਰਦੀਪ ਸਿੰਘ ਰੰਧਾਵਾ ਅਤੇ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਕੀਤਾ ਗਿਆ| ਸ਼ਹੀਦ ਭਗਤ ਸਿੰਘ ਸਪੋਰਟਸ ਸਟੇਡੀਅਮ ਡੇਰਾ ਬਾਬਾ ਨਾਨਕ ਵਿੱਚ ਇਹ ਬਲਾਕ ਪੱਧਰੀ ਖੇਡਾਂ 5 ਤੋਂ 7 ਸਤੰਬਰ ਤੱਕ ਚੱਲਣਗੀਆਂ। ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਦੇ ਜੇਤੂ ਖਿਡਾਰੀਆਂ ਨੂੰ 6 ਕਰੋੜ ਰੁਪਏ ਦੇ ਇਨਾਮ ਤਕਸੀਮ ਕੀਤੇ ਜਾਣਗੇ ਅਤੇ ਨਾਲ ਹੀ ਜੇਤੂ ਖਿਡਾਰੀਆਂ ਨੂੰ ਗ੍ਰੇਡਏਸ਼ਨ ਨੀਤੀ ਤਹਿਤ ਕਵਰ ਕੀਤਾ ਜਾਵੇਗਾ।
ਵਈਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਮਨਦੀਪ ਕੌਰ, ਤਹਿਸੀਲਦਾਰ ਜਗਤਾਰ ਸਿੰਘ, ਪ੍ਰਿੰਸੀਪਲ ਵਰਿੰਦਰ ਸਿੰਘ ਕਾਹਲੋਂ, ਪ੍ਰਿੰਸੀਪਲ ਬਿਕਰਮਜੀਤ ਸਿੰਘ ਚਾਹਲ, ਪ੍ਰਿੰਸੀਪਲ ਰੁਪਿੰਦਰਜੀਤ ਧਾਲੀਵਾਲ, ਈਓ ਜਤਿੰਦਰ ਮਹਾਜਨ, ਜੀਓਜੀ ਇੰਚਾਰਜ ਤਰਲੋਕ ਸਿੰਘ, ਖੇਡ ਵਿਭਾਗ ਦੇ ਅਧਿਕਾਰੀ, ਕੋਚ ਅਤੇ ਹੋਰ ਮੋਹਤਬਰ ਹਾਜ਼ਰ ਸਨ।
ਜ਼ੋਨਲ ਟੂਰਨਾਮੈਂਟ ਵਿੱਚ ਸਰਕਾਰੀ ਕੰਨਿਆ ਸਕੂਲ ਦੀ ਝੰਡੀ
ਬਲਾਚੌਰ (ਨਿੱਜੀ ਪੱਤਰ ਪ੍ਰੇਰਕ): ਜ਼ੋਨ ਨੰਬਰ 8 ਬਲਾਚੌਰ ਦੇ ਜ਼ੋਨਲ ਟੂਰਨਾਮੈਂਟ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਦੀ ਝੰਡੀ ਰਹੀ। ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲ ਆਤਮਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੀਆਂ ਲੜਕੀਆਂ ਅੰਡਰ 17 ਉਮਰ ਵਰਗ ਵਿੱਚ ਕਬੱਡੀ, ਖੋ-ਖੋ, ਬੈਡਮਿੰਟਨ, ਬਾਸਕਿਟਬਾਲ ਅਤੇ ਰੱਸਾਕਸ਼ੀ ਦੀਆਂ ਟੀਮਾਂ ਜ਼ੋਨ ਵਿੱਚ ਪਹਿਲੇ ਨੰਬਰ ‘ਤੇ ਰਹੀਆਂ। ਪ੍ਰਿੰਸੀਪਲ ਆਤਮਬੀਰ ਸਿੰਘ ਨੇ ਅੱਗੇ ਦੱਸਿਆ ਕਿ ਅੰਡਰ 19 ਉਮਰ ਵਰਗ ਵਿੱਚ ਵੀ ਉਨ੍ਹਾਂ ਦੇ ਸਕੂਲ ਦੀਆਂ ਲੜਕੀਆਂ ਖੋ-ਖੋ, ਟੇਬਲ ਟੈਨਿਸ ਅਤੇ ਸ਼ਤਰੰਜ ਆਦਿ ਮੁਕਾਬਲਿਆਂ ਵਿੱਚ ਵੀ ਜ਼ੋਨ ਵਿੱਚ ਪਹਿਲੇ ਨੰਬਰ ‘ਤੇ ਰਹੀਆਂ। ਉਨ੍ਹਾਂ ਦੱਸਿਆ ਕਿ ਅਥਲੈਟਿਕਸ ਦੇ ਅੰਡਰ 19 ਉਮਰ ਵਰਗ ਦੀ 200 ਮੀਟਰ ਦੌੜ ‘ਚ ਸਕੂਲ ਨੇ ਪਹਿਲਾ ਸਥਾਨ, 100 ਮੀਟਰ ‘ਚ ਦੂਸਰਾ, 400 ਮੀਟਰ ‘ਚ ਦੂਸਰਾ, ਸ਼ਾਟਪੁਟ ‘ਚ ਤੀਸਰਾ ਅਤੇ ਰਿਲੇਅ ਦੌੜ ਵਿੱਚ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ 17 ਉਮਰ ਵਰਗ ਦੇ 800 ਮੀਟਰ ਦੌੜ ‘ਚ ਤੀਸਰਾ, ਸ਼ਾਟਪੁਟ ‘ਚ ਤੀਸਰਾ ਅਤੇ ਰਿਲੇਅ ਦੌੜ ਵਿੱਚ ਤੀਸਰਾ ਅਤੇ ਅੰਡਰ 14 ਉਮਰ ਵਰਗ ਦੇ 200 ਮੀਟਰ ਦੌੜ ਦੇ ਮੁਕਾਬਲਿਆਂ ਵਿੱਚ ਤੀਸਰਾ ਸਥਾਨ ਹਾਸਲ ਕੀਤਾ। ਇਸ ਮੌਕੇ ਸਕੂਲ ‘ਚ ਜੇਤੂ ਖਿਡਾਰਨਾਂ ਦਾ ਸਨਮਾਨ ਕੀਤਾ ਗਿਆ।