ਮਹਿੰਦਰ ਸਿੰਘ ਰੱਤੀਆਂ
ਐਡਮਿੰਨਟਨ (ਕੈਨੇਡਾ), 6 ਸਤੰਬਰ
ਕੈਨੇਡਾ ਦੇ ਸੂਬਾ ਅਲਬਰਟਾ ਦੀ ਰਾਜਧਾਨੀ ਐਡਮਿੰਟਨ ਵਿਖੇ ਨੈਸ਼ਨਲ ਕਬੱਡੀ ਫ਼ੈਡਰੇਸ਼ਨ ਆਫ਼ ਕੈਨੈਡਾ ਬੈਨਰ ਹੇਠ ਅਲਬਰਟਾ ਪੰਜਾਬੀ ਸਪੋਰਟਸ ਕਲੱਬ ਐਂਡ ਕਲਚਰਲ ਐਸੋਸੀਏਸ਼ਨ ਵੱਲੋਂ ਨਾਮਵਾਰ ਮਰਹੂਮ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਨੂੰ ਸਮਰਪਿਤ 7ਵਾਂ ‘ਅਲਬਰਟਾ ਕਬੱਡੀ ਕੱਪ ਜੌਹਨ ਬਾਰਨਿਟ ਸਕੂਲ ਦੇ ਮੈਦਾਨਾਂ ਵਿਚ ਕਰਵਾਇਆ ਗਿਆ। ਇਸ ਮੌਕੇ ਮਰਹੂਮ ਖਿਡਾਰੀ ਨੂੰ ਸ਼ਰਧਜਾਂਲੀ ਦਿੱਤੀ ਗਈ। ਇਸ ਮੌਕੇ ਕਬੱਡੀ ਖਿਡਾਰੀਆਂ ਦੀ ਵਧੀਆ ਖੇਡ ਦੀ ਹੌਸਲਾ ਅਫਜ਼ਾਈ ਕਰਦਿਆਂ ਖੇਡ ਪ੍ਰੇਮੀਆਂ ਨੇ ਡਾਲਰਾਂ ਦਾ ਮੀਂਹ ਵਰ੍ਹਾ ਦਿੱਤਾ। ਸਾਰੀਆਂ ਹੀ ਟੀਮਾਂ ਵਿਚ ਵਿਸ਼ਵ ਪ੍ਰਸਿੱਧ ਪੰਜਾਬ ਮੂਲ ਦੇ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ।
ਫਾਈਨਲ ਮੁਕਾਬਲੇ ਬੜੇ ਹੀ ਫਸਵੇਂ ਤੇ ਰੌਚਕ ਸਨ। ਨਿੱਘੀ-ਨਿੱਘੀ ਤਿੱਖੀ ਧੁੱਪ ‘ਚ ਕੌਮਾਂਤਰੀ ਕਬੱਡੀ ਖਿਡਾਰੀਆਂ ਦੀ ਦਰਸ਼ਨੀ ਖੇਡ ਦਾ ਨਜ਼ਾਰਾ ਲੈਣ ਲਈ ਸਟੇਡੀਅਮ ‘ਚ ਹਜ਼ਾਰਾਂ ਦੀ ਗਿਣਤੀ ‘ਚ ਦਰਸ਼ਕ ਪਹੁੰਚੇ। ਹਰਜੀਤ ਬਾਜਾਖਾਨਾ ਕਬੱਡੀ ਕਲੱਬ, ਯੂਥ ਕਬੱਡੀ ਕਲੱਬ, ਸਰੀ ਸਪੋਰਟਬ ਕਬੱਡੀ ਕਲੱਬ ਅਤੇ ਐਬਸਫੋਰਟ (ਐਬੀ) ਕਬੱਡੀ ਕਲੱਬ ਨੇ ਦੇ ਖਿਡਾਰੀਆਂ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ। ਆਖਰੀ ਮੁਕਾਬਲੇ ਵਿੱਚ ਯੰਗ ਰੋਇਲ ਕਬੱਡੀ ਕਲੱਬ ਨੇ 32 ਅੰਕ ਹਾਸਲ ਕਰਕੇ ਪੰਜਾਬ ਸਪੋਰਟਸ ਕਲੱਬ ਨੂੰ ਮਿਲੇ 26 ਅੰਕਾਂ ਮੁਤਾਬਕ ਸਾਢੇ 5 ਅੰਕਾਂ ਨਾਲ ਮਾਤ ਦੇ ਕੇ ਕੱਪ ਉੱਤੇ ਕਬਜ਼ਾ ਕੀਤਾ। ਸਰਬੋਤਮ ਰੇਡਰ ਗੁਰਲਾਲ ਸੋਹਲ ਅਤੇ ਵਧੀਆ ਜਾਫੀ ਅਰਸ਼ ਚੋਹਲਾ ਸਾਹਿਬ ਨੂੰ ਐਲਾਨਿਆ ਗਿਆ। ਇਨ੍ਹਾਂ ਖਿਡਾਰੀਆਂ ਨੂੰ ਨਕਦ ਇਨਾਮ ਤੇ ਯਾਦਗਾਰੀ ਚਿੰਨ੍ਹ ਦਿੱਤੇ ਗਏ। ਮੈਚਾਂ ਦੀ ਕੁਮੈਂਟਰੀ ਲੱਕੀ ਢਿੱਲੋਂ ਸਮਾਧਭਾਈ ਨੇ ਕੀਤੀ। ਪ੍ਰਬੰਧਕ ਧਰਮ ਸਿੰਘ ਉੱਪਲ, ਰਾਣਾ ਧਾਲੀਵਾਲ, ਪਾਲ ਬੋਪਾਰਾਏ, ਲਖਬੀਰ ਔਜਲਾ, ਬਲਦੇਵ ਗਿੱਲ ਤੇ ਮਨਦੀਪ ਨੇ ਟੂਰਨਾਮੈਂਟ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਲਈ ਸਪਾਂਸਰਜ਼ ਖੇਡ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਤੋਂ ਇਲਾਵਾ ਸਮੂਹ ਭਾਈਚਾਰੇ ਦਾ ਧੰਨਵਾਦ ਕੀਤਾ। ਮੁੱਖ ਮਹਿਮਾਨ ਐਡਮਿਨਟਨ ਦੇ ਮੇਅਰ ਅਮਰਜੀਤ ਸਿੰਘ ਸੋਹੀ ਕਿਸੇ ਕਾਰਨ ਨਹੀਂ ਪੁੱਜੇ ਅਤੇ ਉਨ੍ਹਾਂ ਦੇ ਭਰਾ ਨੇ ਵਿਚਾਰ ਰੱਖੇ।