ਵੈਨਿਸ (ਇਟਲੀ): ਬੌਲੀਵੁਡ ਦੇ ਉੱਘੇ ਅਦਾਕਾਰ ਕਬੀਰ ਬੇਦੀ ਨੂੰ ਉਸ ਦੀ ਬਿਹਤਰੀਨ ਅਦਾਕਾਰੀ ਲਈ ਵੈਨਿਸ ਵਿੱਚ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਐਵਾਰਡ ਦਿੱਤਾ ਗਿਆ। ਦੱਸਣਾ ਬਣਦਾ ਹੈ ਕਿ ਕਬੀਰ ਨੇ ਇਟਲੀ ਦੇ ਟੀਵੀ ਜਗਤ ਲਈ ਲੰਮਾ ਸਮਾਂ ਤੇ ਬਿਹਤਰੀਨ ਕੰਮ ਕੀਤਾ ਜਿਸ ਵਿਚ ਹਰ ਵੇਲੇ ਦੀ ਪਸੰਦੀਦਾ ਟੀਵੀ ਸੀਰੀਜ਼ ‘ਸੰਦੋਕਾਨ’ ਵੀ ਸ਼ਾਮਲ ਹੈ। ਵੈਰਾਇਟੀ ਦੇ ਬੁਲਾਰੇ ਨੇ ਦੱਸਿਆ ਕਿ ਕਬੀਰ ਬੇਦੀ ਦਾ ਵੈਨਿਸ ਪ੍ਰੋਡਕਸ਼ਨ ਬਰਿੱਜ ਮਾਰਕੀਟ ਵਿਚ ਫਿਲਮਿੰਗ ਇਟਲੀ ਮੂਵੀ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨ ਕੀਤਾ ਗਿਆ। ਕਬੀਰ ਨੇ ਕਿਹਾ, ‘ਮੈਂ ਕਈ ਸਾਲਾਂ ਤੋਂ ਇਟਲੀ ਦੇ ਲੋਕਾਂ ਦਾ ਭਾਰਤ ‘ਤੇ ਧਿਆਨ ਕੇਂਦਰਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਭਾਰਤ ਦੇ ਲੋਕ ਇਟਲੀ ‘ਤੇ ਧਿਆਨ ਕੇਂਦਰਿਤ ਕਰਦੇ ਹਨ।’ ਉਸ ਨੇ ਦੱਸਿਆ ਕਿ ਉਸ ਨੇ ਇਟਲੀ ਵਿਚ ਛੇ ਵੱਡੀਆਂ ਟੀਵੀ ਸੀਰੀਜ਼ ਵਿਚ ਕੰਮ ਕੀਤਾ ਤੇ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਉਸ ਨੇ ਬੌਲੀਵੁੱਡ ਤੇ ਹੌਲੀਵੁੱਡ ਨਾਲੋਂ ਕਿਤੇ ਵੱਧ ਸਮਾਂ ਕੰਮ ਇਟਲੀ ਟੀਵੀ ਜਗਤ ਲਈ ਕੀਤਾ ਹੈ। ਉਸ ਨੇ ਪੁਰਾਣੇ ਵੇਲਿਆਂ ਦੀ ਗੱਲ ਸਾਂਝੀ ਕਰਦਿਆਂ ਦੱਸਿਆ ਕਿ ਉਸ ਨੇ ਬੌਲੀਵੁਡ ਵਿਚ ਰਹਿੰਦਿਆਂ ਮਹਿਸੂਸ ਕੀਤਾ ਕਿ ਜਦ ਤਕ ਉਸ ਨੂੰ ਨੱਚਣਾ ਤੇ ਗਾਣਾ ਚੰਗੀ ਤਰ੍ਹਾਂ ਨਹੀਂ ਆਉਂਦਾ ਤਦ ਤਕ ਉਹ ਬੌਲੀਵੁਡ ਵਿਚ ਪੈਰ ਨਹੀਂ ਜਮ੍ਹਾ ਸਕਦਾ ਤੇ ਉਸ ਵੇਲੇ ਇਟਲੀ ਨੇ ਉਸ ਦੀਆਂ ਖੂਬੀਆਂ ਨੂੰ ਪਛਾਣਿਆ ਤੇ ਉਥੋਂ ਦੇ ਸਭ ਤੋਂ ਪਸੰਦੀਦਾ ਸ਼ੀਰੀਜ਼ ਵਿਚ ਮੁੱਖ ਕਿਰਦਾਰ ਨਿਭਾਉਣ ਦਾ ਮੌਕਾ ਦਿੱਤਾ। ਬੌਲੀਵੁਡ ਵਿੱਚ ਕਬੀਰ ਬੇਦੀ ਦੀਆਂ ਸ਼ੁਰੂਆਤੀ ਹਿੱਟ ਫਿਲਮਾਂ ਵਿੱਚ ‘ਕੱਚੇ ਧਾਗੇ’, ‘ਇਸ਼ਕ ਇਸ਼ਕ ਇਸ਼ਕ’ ਅਤੇ ‘ਨਾਗਿਨ’ ਸ਼ਾਮਲ ਹਨ। ਉਸ ਨੇ ਅਮਰੀਕਾ ਦੇ ਫਿਲਮ ਤੇ ਟੀਵੀ ਜਗਤ ਵਿੱਚ ਵੀ ਚੰਗਾ ਨਾਂ ਕਮਾਇਆ। -ਏਐੱਨਆਈ