ਵਾਸ਼ਿੰਗਟਨ, 9 ਸਤੰਬਰ
ਭਾਰਤੀ-ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਨੇ ਕਿਹਾ ਹੈ ਕਿ ਵਿਅਕਤੀ ਨੇ ਉਨ੍ਹਾਂ ਨੂੰ ਫੋਨ ‘ਤੇ ‘ਇਤਰਾਜ਼ਯੋਗ ਅਤੇ ਨਫ਼ਰਤ ਭਰੇ ਸੰਦੇਸ਼’ ਭੇਜ ਕੇ ਭਾਰਤ ਪਰਤਣ ਲਈ ਕਿਹਾ ਹੈ। ਚੇੱਨਈ ‘ਚ ਜਨਮੀ ਜੈਪਾਲ ਨੇ ਸੋਸ਼ਲ ਮੀਡੀਆ ‘ਤੇ ਅਜਿਹੇ ਪੰਜ ਆਡੀਓ ਸੰਦੇਸ਼ ਸਾਂਝੇ ਕੀਤੇ। ਇਸ ਸੰਦੇਸ਼ ਦੇ ਉਹ ਹਿੱਸੇ ਐਡਿਟ ਕੀਤੇ ਗਏ ਹਨ, ਜਿਨ੍ਹਾਂ ਵਿੱਚ ਅਸ਼ਲੀਲ ਤੇ ਇਤਰਾਜ਼ਯੋਗ ਸ਼ਬਦ ਹਨ। ਇਸ ਸੰਦੇਸ਼ ਵਿੱਚ ਵਿਅਕਤੀ ਜੈਪਾਲ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੰਦਾ ਹੋਇਆ ਸੁਣਿਆ ਜਾ ਸਕਦਾ ਹੈ ਅਤੇ ਉਸਨੂੰ ਆਪਣੇ ਭਾਰਤ ਵਾਪਸ ਜਾਣ ਲਈ ਕਹਿ ਰਿਹਾ ਹੈ। ਜੈਪਾਲ (55) ਅਮਰੀਕੀ ਪ੍ਰਤੀਨਿਧੀ ਸਭਾ ਵਿੱਚ ਸਿਆਟਲ ਦੀ ਪ੍ਰਤੀਨਿਧਤਾ ਕਰਨ ਵਾਲੀ ਪਹਿਲੀ ਭਾਰਤੀ-ਅਮਰੀਕੀ ਸੰਸਦ ਮੈਂਬਰ ਹੈ।